ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਤਿੰਨ ਸਾਲ ਪਹਿਲਾਂ ਵੀ ਚੱਲਿਆ ਤੇ ਮੈਂ ਵੀ ਉਸ ਦਾ ਹਿੱਸਾ ਸੀ। ਤੁਹਾਡੀ ਬਹੁਤ ਵੱਡੀ ਜਿੱਤ ਵੀ ਹੋਈ। ਉਨ੍ਹਾਂ ਕਿਹਾ ਕਿ ਮੈਂ ਇਹ ਜ਼ਰੂਰ ਸਪੱਸ਼ਟ ਕਰਨਾ ਚਾਹਾਂਗਾ ਕਿ ਮੈਂ ਬੀਜੇਪੀ ਦਾ ਇੱਕ ਅਹੁਦੇਦਾਰ ਹਾਂ ਪਰ ਇੱਕ ਕਿਸਾਨ ਹੋਣ ਦੇ ਨਾਤੇ ਤੇ ਸਿੱਖ ਹੋਣ ਦੇ ਨਾਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ। ਜੋ ਇਸ ਵੇਲੇ ਸੰਘਰਸ਼ ਵਿੱਢਿਆ ਗਿਆ ਹੈ ਇਸ ਦੀ ਟਾਈਮਿੰਗ ‘ਤੇ ਤੁਸੀਂ ਜ਼ਰੂਰ ਵਿਚਾਰ ਕਰੋ। ਹੋਰ 10 ਦਿਨਾਂ ਬਾਅਦ ਚੋਣਾਂ ਦਾ ਐਲਾਨ ਹੋ ਜਾਣਾ ਹੈ। ਫਰਵਰੀ ਦੇ ਅਖੀਰ ਵਿੱਚ ਕੋਡ ਆਫ ਕੰਡਕਟ ਲਾਗੂ ਹੋ ਜਾਣਾ ਹੈ। ਇਸ ਦਾ ਲਾਹਾ ਸਿਆਸੀ ਪਾਰਟੀਆਂ ਲੈਣ ਦਾ ਪੂਰੀ ਕੋਸ਼ਿਸ਼ ਕਰਨਗੇ ਤੇ ਕੋਡ ਆਫ ਕੰਡਕਟ ਲੱਗਣ ਕਰਕੇ ਉਸ ਵੇਲੇ ਸਰਕਾਰ ਵੀ ਕੁਝ ਨਹੀਂ ਕਰ ਸਕੇਗੀ ਕਿਉਂਕਿ ਸਭ ਕੁਝ ਚੋਣ ਕਮਿਸ਼ਨ ਦੇ ਹੱਥ ਵਵਿਚ ਹੋਵੇਗਾ। ਇਸ ਦਾ ਨੁਕਸਾਨ ਪੂਰੇ ਭਾਈਚਾਰੇ ਨੂੰ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਦਾ ਸੰਦੇਸ਼ ਅੱਜ ਇਹ ਜਾ ਰਿਹਾ ਹੈ ਕਿ ਇਹ ਸਿਰਫ ਸਿੱਖਾਂ ਦਾ ਸੰਘਰਸ਼ ਹੈ। ਇਹ ਸਰਕਾਰ ਦੇ ਖਿਲਾਫ ਤੇ ਸਰਕਾਰ ਇਨ੍ਹਾਂ ਦੇ ਖਿਲਾਫ, ਸ਼ਰਾਰਤੀ ਲੋਕ ਕੁਝ ਇਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸਿਸ਼ ਕਰ ਰਹੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈਆਂ ਜਾ ਰਹੀਆਂ ਹਨ, ਜਿਸ ਦਾ ਪੂਰੇ ਭਾਈਚਾਰੇ ਨੂੰ ਨੁਕਸਾਨ ਹੋ ਰਿਹਾ ਹੈ।
ਸਿਰਸਾ ਨੇ ਕਿਹਾ ਕਿ ਤੁਸੀਂ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਹਨ ਉਹ ਸਰਕਾਰ ਨਾਲ ਲਗਾਤਾਰ ਬੈਠ ਕੇ ਗੱਲਬਾਤ ਕਰੋ ਤਾਂਕਿ ਕੋਈ ਲੜਾਈ-ਝਗੜੇ ਦਾ ਰਸਤਾ ਨਾ ਆਵੇ। ਉਨ੍ਹਾਂ ਕਿਹਾ ਕਿ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੇ ਪਹਿਲਾਂ ਵੀ ਦੋਵੇਂ ਹੱਥ ਬੰਨ੍ਹੇ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦੇ ਹੋਏ ਤਿੰਨ ਖੇਤੀ ਬਿੱਲ ਵਾਪਸ ਲਏ ਸਨ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ‘ਤੇ ਫਿਰ ਛੱਡੇ ਗਏ ਹੰਝੂ ਗੈਸ ਦੇ ਗੋਲੇ, ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ
ਬੀਜੇਪੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੁਹਾਡੇ ਹੱਕ ਵਿੱਚ ਹਨ, ਤੁਹਾਡੀ ਹਰ ਗੱਲ ਸੁਣ ਕੇ ਉਸ ‘ਤੇ ਕਾਰਵਾਈ ਕਰਨਾ ਚਾਹੁੰਦੇ ਹਨ। ਤੁਸੀਂ ਅੰਦਰੋਂ ਜਾਣਦੇ ਹੋ ਭਾਵੇਂ ਕਿਸਾਨ ਨਿਧੀ ਦੀ ਗੱਲ ਹੋਵੇ, ਜਾਂ ਕਿਸਾਨ ਇੰਸ਼ੋਰੈਂਸ ਦੀ ਗੱਲ ਹੋਵੇ, ਭਾਵੇਂ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਗੱਲ ਹੋਵੇ, ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਲਈ ਸਾਫਟ ਕਾਰਨਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦੋ ਗੇੜ ਦੀ ਗੱਲਬਾਤ ਹੋ ਚੁੱਕੀ ਹੈ ਤੇ ਹੁਣ ਤੀਜੇ ਗੇੜ ਦੀ ਹੋਣ ਵਾਲੀ ਹੈ ਤੇ ਗੱਲਬਾਤ ਨਾਲ ਹੀ ਇਸ ਦਾ ਹੱਲ ਨਿਕਲਣਾ ਚਾਹੀਦਾ ਹੈ।