7 more Pakistan cricketers: ਪੂਰੀ ਦੁਨੀਆ ਇੱਕ ਪਾਸੇ ਜਿੱਥੇ ਕੋਰੋਨਾ ਨਾਲ ਜੂਝ ਰਹੀ ਹੈ, ਉੱਥੇ ਹੀ ਹੁਣ ਇਸ ਵਾਇਰਸ ਦਾ ਅਸਰ ਕ੍ਰਿਕਟ ਦੀ ਦੁਨੀਆ ‘ਤੇ ਵੀ ਪੈਣ ਲੱਗ ਗਿਆ ਹੈ। ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦਰਅਸਲ, ਇੰਗਲੈਂਡ ਦੌਰੇ ਲਈ ਚੁਣੇ ਗਏ ਸੱਤ ਹੋਰ ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਅਤੇ ਵਹਾਬ ਰਿਆਜ਼ ਸਮੇਤ ਕੋਰੋਨਾ ਵਾਇਰਸ ਜਾਂਚ ਵਿੱਚ ਪਾਜ਼ੀਟਿਵ ਪਾਏ ਗਏ ਹਨ। ਜਿਸ ਕਾਰਨ ਪੀੜਤ ਖਿਡਾਰੀਆਂ ਦੀ ਕੁੱਲ ਗਿਣਤੀ 10 ਹੋ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਮੰਗਲਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ।
ਮੰਗਲਵਾਰ ਨੂੰ ਪਾਜ਼ੀਟਿਵ ਪਾਏ ਗਏ ਖਿਡਾਰੀਆਂ ਵਿੱਚ ਫਖਰ ਜ਼ਮਾਨ, ਇਮਰਾਨ ਖਾਨ, ਕਾਸ਼ੀਫ ਭੱਟੀ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ ਅਤੇ ਵਹਾਬ ਰਿਆਜ਼ ਸ਼ਾਮਿਲ ਹਨ। ਸੋਮਵਾਰ ਨੂੰ ਸ਼ਾਦਾਬ ਖਾਨ, ਹੈਦਰ ਅਲੀ ਅਤੇ ਹਰੀਸ ਰਾਉਫ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ।
ਇਸ ਸਬੰਧੀ PCB ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਪੀਸੀਬੀ ਦੇ ਸੀਈਓ ਵਸੀਮ ਖਾਨ ਨੇ ਕਿਹਾ, “ਇਹ ਚੰਗੀ ਸਥਿਤੀ ਨਹੀਂ ਹੈ ਅਤੇ ਇਹ 10 ਤੰਦਰੁਸਤ ਅਤੇ ਨੌਜਵਾਨ ਖਿਡਾਰੀ ਹਨ… ਜੇਕਰ ਇਨ੍ਹਾਂ ਖਿਡਾਰੀਆਂ ਨਾਲ ਅਜਿਹਾ ਹੋ ਸਕਦਾ ਹੈ ਤਾਂ ਕਿਸੇ ਨੂੰ ਵੀ ਹੋ ਸਕਦਾ ਹੈ।” ਵਸੀਮ ਨੇ ਕਿਹਾ ਕਿ ਸਪੋਰਟ ਸਟਾਫ ਮੈਂਬਰ ਮਾਲਿਸ਼ਿਆ ਮਲੰਗ ਅਲੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਵਸੀਮ ਨੇ ਦੱਸਿਆ ਕਿ ਖਿਡਾਰੀ ਅਤੇ ਅਧਿਕਾਰੀ ਹੁਣ ਲਾਹੌਰ ਵਿੱਚ ਇਕੱਠੇ ਹੋਣਗੇ ਅਤੇ ਟ੍ਰਾਇਲ ਦਾ ਇੱਕ ਹੋਰ ਦੌਰ 25 ਜੂਨ ਨੂੰ ਹੋਵੇਗਾ।
ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਟੀਮ ਅਗਲੇ ਮਹੀਨੇ ਹੋਣ ਵਾਲੀ ਸੀਰੀਜ਼ ਲਈ 28 ਜੂਨ ਨੂੰ ਰਵਾਨਾ ਹੋਵੇਗੀ ।ਵਸੀਮ ਨੇ ਕਿਹਾ, ‘ਇਹ ਚਿੰਤਾ ਦਾ ਵਿਸ਼ਾ ਹੈ, ਪਰ ਸਾਨੂੰ ਇਸ ਸਮੇਂ ਡਰਨਾ ਨਹੀਂ ਚਾਹੀਦਾ ਕਿਉਂਕਿ ਸਾਡੇ ਕੋਲ ਸਮਾਂ ਹੈ।’ ਉਨ੍ਹਾਂ ਕਿਹਾ ਕਿ ਖਿਡਾਰੀ ਅਤੇ ਅਧਿਕਾਰੀ ਇੰਗਲੈਂਡ ਪਹੁੰਚਣ ਤੋਂ ਬਾਅਦ ਆਰਾਮ ਕਰਨਗੇ।