ਚੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2022 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਏਸ਼ੀਆ ਓਲੰਪਿਕ ਕੌਂਸਲ ਨੇ ਕਿਹਾ ਕਿ 10 ਤੋਂ 25 ਸਤੰਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ 19ਵੀ ਏਸ਼ੀਆਈ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਮੁਲਤਵੀ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਪਰ ਮੌਜੂਦਾ ਸਮੇਂ ਵਿੱਚ ਚੀਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ ਏਸ਼ੀਆਈ ਖੇਡਾਂ ਨੂੰ ਮੁਲਤਵੀ ਕਰਨ ਦਾ ਕਾਰਨ ਕੋਵਿਡ-19 ਨੂੰ ਮੰਨਿਆ ਜਾ ਰਿਹਾ ਹੈ।
ਚੀਨ ਦੀ ਇੱਕ ਵੈਬਸਾਈਟ ਅਨੁਸਾਰ ਏਸ਼ੀਆਈ ਓਲੰਪਿਕ ਪ੍ਰੀਸ਼ਦ ਨੇ ਐਲਾਨ ਕੀਤੇ ਹੈ ਕਿ 19ਵੀਂ ਏਸ਼ੀਅਨ ਖੇਡਾਂ ਨੂੰ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਖੇਡਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਦੱਸ ਦੇਈਏ ਕਿ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਚੀਨ ਦਾ ਹਾਂਗਜ਼ੂ ਸ਼ਹਿਰ ਕਰ ਰਿਹਾ ਸੀ, ਜੋ ਸ਼ੰਘਾਈ ਦੇ ਕੋਲ ਹੈ। ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ ਹਾਲ ਹੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲਾਕਡਾਊਨ ਲਗਾਇਆ ਗਿਆ ਸੀ। ਆਯੋਜਕਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਚੀਨ ਦੇ ਪੂਰਬੀ ਹਿੱਸੇ ਵਿੱਚ 1.2 ਕਰੋੜ ਦੀ ਅਬਾਦੀ ਵਾਲੇ ਸ਼ਹਿਰ ਹਾਂਗਜ਼ੂ ਨੇ ਏਸ਼ੀਅਨ ਖੇਡਾਂ ਤੇ ਏਸ਼ੀਅਨ ਪੈਰਾ ਖੇਡਾਂ ਦੇ ਲਈ 56 ਪ੍ਰਤੀਯੋਗਤਾ ਵਾਲੀਆਂ ਥਾਵਾਂ ਦਾ ਨਿਰਮਾਣ ਪੂਰਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਚੀਨ ਦੇ ਬੀਜ਼ਿੰਗ ਵਿੱਚ ਹੀ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦਾ ਆਯੋਜਨ ਬਾਇਓ-ਸਿਕਓਰ ਬਬਲ ਵਿੱਚ ਇਸੇ ਸਾਲ ਫਰਵਰੀ ਵਿੱਚ ਕੀਤਾ ਗਿਆ ਸੀ। ਇੱਥੇ ਹੀ 2022 ਵਿੱਚ ਟੋਕਿਓ ਵਿੱਚ ਹੋਣ ਵਾਲੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਨੂੰ ਵੀ ਮੁਲਤਵੀ ਕਰਨਾ ਪਿਆ ਸੀ ਜਿਨ੍ਹਾਂ ਦਾ ਆਯੋਜਨ ਬਾਅਦ ਵਿੱਚ ਜੁਲਾਈ-ਅਗਸਤ 2021 ਵਿੱਚ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: