ਟੋਕੀਓ ਓਲੰਪਿਕਸ ਦੇ 13 ਵੇਂ ਦਿਨ ਭਾਰਤ ਨੇ ਇੱਕ ਹੋਰ ਤਮਗਾ ਹਾਸਿਲ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਹਾਲਾਂਕਿ ਟੋਕੀਓ ਓਲੰਪਿਕਸ ਵਿੱਚ ਭਾਰਤ ਕੋਲ ਪਹਿਲਾ ਗੋਲਡ ਜਿੱਤਣ ਦਾ ਮੌਕਾ ਸੀ, ਪਰ ਭਾਰਤ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ।
ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵਿਸ਼ਵ ਕੱਪ ਜੇਤੂ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਆਪਣਾ ਸੈਮੀਫਾਈਨਲ ਮੈਚ ਹਾਰ ਗਈ ਹੈ। ਲਵਲੀਨਾ ਨੇ ਪਹਿਲਾਂ ਹੀ ਮੈਡਲ ਦੀ ਪੁਸ਼ਟੀ ਕਰ ਦਿੱਤੀ ਸੀ। ਸੈਮੀਫਾਈਨਲ ‘ਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਵੇਗਾ।
ਹਾਲਾਂਕਿ, ਸੈਮੀਫਾਈਨਲ ਵਿੱਚ ਹਾਰਨ ਦੇ ਬਾਵਜੂਦ ਵੀ ਲਵਲੀਨਾ ਨੇ ਇਤਿਹਾਸ ਰਚਿਆ ਹੈ। ਲਵਲੀਨਾ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ ਜਿਸਨੇ 69 ਕਿਲੋਗ੍ਰਾਮ ਵਰਗ ਵਿੱਚ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲਵਲੀਨਾ ਤੋਂ ਇਲਾਵਾ ਭਾਰਤ ਦੇ ਸਿਰਫ ਦੋ ਖਿਡਾਰੀਆਂ ਨੇ ਹੀ ਤਗਮੇ ਜਿੱਤੇ ਹਨ। ਲਵਲੀਨਾ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐਮਸੀ ਮੈਰੀਕਾਮ ਓਲੰਪਿਕ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : Tokyo Olympics : ਸੈਮੀਫਾਈਨਲ ‘ਚ ਹਾਰ ਕੇ ਵੀ ਸਭ ਦਾ ਦਿਲ ਜਿੱਤੀ ਲਵਲੀਨਾ, ਭਾਰਤ ਦੇ ਖਾਤੇ ‘ਚ ਪਾਇਆ ਇੱਕ ਹੋਰ ਮੈਡਲ
ਪਰ ਇਸ ਤੋਂ ਪਹਿਲਾ ਜਿਵੇਂ ਹੀ ਓਲੰਪਿਕਸ ਵਿੱਚ ਲਵਲੀਨਾ ਦੇ ਮੈਡਲ ਦੀ ਪੁਸ਼ਟੀ ਹੋਈ, ਓਦਾਂ ਹੀ ਉਸ ਦੇ ਘਰ ਨੂੰ ਜਾਣ ਵਾਲੀ ਕੱਚੀ ਸੜਕ ਹੁਣ ਪੱਕੀ ਹੋ ਗਈ ਹੈ। ਸਥਾਨਕ ਵਿਧਾਇਕ ਬਿਸ਼ਵਜੀਤ ਫੁਕਨ ਨੇ ਪੱਥਰ ਪਵਾ ਕੇ ਲਵਲੀਨਾ ਦੇ ਘਰ ਨੂੰ ਜਾਣ ਵਾਲੀ ਸੜਕ ਨੂੰ ਪੱਕਾ ਕਰਵਾ ਦਿੱਤਾ ਹੈ ਅਤੇ ਜਲਦੀ ਹੀ ਇਸ ਦੀ ਪੂਰੀ ਮੁਰੰਮਤ ਕਰ ਦਿੱਤੀ ਜਾਵੇਗੀ। ਸਥਾਨਕ ਵਿਧਾਇਕ ਬਿਸ਼ਵਜੀਤ ਫੁਕਨ ਨੇ ਮੈਡਲ ਜਿੱਤਣ ਤੋਂ ਬਾਅਦ ਲਵਲੀਨਾ ਦੇ ਘਰ ਲਈ ਬਿਹਤਰ ਸੜਕ ਬਣਾਉਣ ਦੀ ਪਹਿਲ ਕੀਤੀ। ਲਵਲੀਨਾ ਦੇ ਪਿਤਾ ਟਿਕੇਨ ਨੇ ਮਾਣ ਨਾਲ ਕਿਹਾ, “ਹੁਣ ਜਦੋਂ ਉਸਨੇ ਓਲੰਪਿਕ ਵਿੱਚ ਤਗਮਾ ਜਿੱਤਿਆ ਹੈ, ਤੇ ਸਰਕਾਰ ਨੇ ਸੜਕ ਬਣਾਈ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਹ ਲਵਲੀਨਾ ਅਤੇ ਸਾਡੇ ਪਿੰਡ ਦੋਵਾਂ ਲਈ ਸਰਕਾਰ ਵੱਲੋਂ ਇਨਾਮ ਦੀ ਤਰ੍ਹਾਂ ਹੈ।”
ਇਹ ਵੀ ਦੇਖੋ : ਅੰਮ੍ਰਿਤਸਰ ‘ਚ ਗੈਂਗਸਟਰ ਰਾਣਾ ਕੰਡੋਵਾਲੀਆ ਦੇ ਕਤਲ ਦੀ ਜਿੰਮੇਵਾਰੀ ਲਈ ਜੱਗੂ ਭਗਵਾਨਪੁਰੀਏ ਨੇ ! ਸੁਣੋ ਕੀ ਕਿਹਾ LIVE…