AUS vs IND 4th Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਵਿੱਚ ਬਾਰਡਰ-ਗਾਵਸਕਰ ਸੀਰੀਜ਼ ਦਾ ਚੌਥਾ ਮੈਚ ਖੇਡਿਆ ਜਾ ਰਿਹਾ ਹੈ । ਆਸਟ੍ਰੇਲੀਆ ਦੀ ਪਹਿਲੀ ਪਾਰੀ 369 ‘ਤੇ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਪਹਿਲੀ ਪਾਰੀ ਵਿੱਚ 6 ਵਿਕਟ ਇੱਕ ਸਮੇਂ 186 ਦੌੜਾਂ ‘ਤੇ ਗੁਆ ਦਿੱਤੀਆਂ ਸਨ । ਇਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਆਸਟ੍ਰੇਲੀਆ ਪਹਿਲੀ ਪਾਰੀ ਵਿੱਚ ਮਜ਼ਬੂਤ ਬੜ੍ਹਤ ਹਾਸਿਲ ਕਰ ਲਵੇਗਾ, ਪਰ ਪਹਿਲਾ ਟੈਸਟ ਖੇਡ ਰਹੇ ਵਾਸ਼ਿੰਗਟਨ ਸੁੰਦਰ ਅਤੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੋਨਾਂ ਨੇ ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਆਪਣਾ ਮੋਰਚਾ ਸੰਭਾਲਿਆ ਅਤੇ ਸੱਤਵੇਂ ਵਿਕਟ ਲਈ ਹੁਣ ਤੱਕ ਨਾਬਾਦ ਸੈਂਕੜੇ ਦੀ ਸਾਂਝੇਦਾਰੀ ਪੂਰੀ ਕੀਤੀ ਹੈ। ਇਸ ਦੌਰਾਨ ਦੋਵਾਂ ਨੇ ਇਸ ਮੈਦਾਨ ‘ਤੇ 30 ਸਾਲ ਪੁਰਾਣੇ ਭਾਰਤੀ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।
ਦਰਅਸਲ, ਇਸ ਮੁਕਾਬਲੇ ਵਿੱਚ ਦੋਵਾਂ ਖਿਡਾਰੀਆਂ ਨੇ 118 ਦੌੜਾਂ ਦੀ ਸਾਂਝੇਦਾਰੀ ਕੀਤੀ । ਇਸਦੇ ਨਾਲ ਹੀ ਦੋਵਾਂ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ ਸਾਬਕਾ ਕ੍ਰਿਕਟਰ ਕਪਿਲ ਦੇਵ ਅਤੇ ਮਨੋਜ ਪ੍ਰਭਾਕਰ ਦਾ 30 ਸਾਲਾ ਪੁਰਾਣਾ ਭਾਰਤੀ ਰਿਕਾਰਡ ਤੋੜ ਦਿੱਤਾ । ਦੋਵੇਂ ਸਾਬਕਾ ਕ੍ਰਿਕਟਰਾਂ ਨੇ ਉਸ ਸਮੇਂ ਸੱਤਵੇਂ ਵਿਕਟ ਲਈ 58 ਦੌੜਾਂ ਜੋੜੀਆਂ ਸਨ। ਸ਼ਾਰਦੁਲ ਅਤੇ ਵਾਸ਼ਿੰਗਟਨ ਦੇ ਹੁਣ ਗਾਬਾ ਮੈਦਾਨ ਵਿੱਚ ਸੱਤਵੇਂ ਵਿਕਟ ਲਈ ਸਭ ਤੋਂ ਵੱਡੀ ਭਾਰਤੀ ਸਾਂਝੇਦਾਰੀ ਦਾ ਰਿਕਾਰਡ ਹੈ।
ਦੱਸ ਦੇਈਏ ਕਿ ਇਸ ਮੁਕਾਬਲੇ ਦੇ ਪਹਿਲੇ ਸੈਸ਼ਨ ਵਿੱਚ ਚੇਤੇਸ਼ਵਰ ਪੁਜਾਰਾ (25) ਅਤੇ ਕਪਤਾਨ ਅਜਿੰਕਿਆ ਰਹਾਣੇ (37) ਅਤੇ ਦੂਜੇ ਸੈਸ਼ਨ ਵਿੱਚ ਮਯੰਕ ਅਗਰਵਾਲ (38) ਅਤੇ ਰਿਸ਼ਭ ਪੰਤ (23) ਦੀਆਂ ਵਿਕਟਾਂ ਗੁਆਈਆਂ । ਇਨ੍ਹਾਂ ਚਾਰਾਂ ਬੱਲੇਬਾਜ਼ਾਂ ਨੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ, ਜਿਸਦੀ ਭਾਰਤ ਨੂੰ ਸਖਤ ਲੋੜ ਸੀ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਹਨ । ਸ਼ੁਰੂਆਤ ਵਿੱਚ ਸੁੰਦਰ ਨੇ ਸ਼ਾਰਟ ਪਿਚ ਗੇਂਦਾਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ