BCCI announces squad against England: ਇੰਗਲੈਂਡ ਖਿਲਾਫ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ । ਇਸ ਸਾਲ ਆਯੋਜਿਤ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨੌਜਵਾਨ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ। ਇਸ ਸੀਰੀਜ਼ ਦੇ ਮੁਕਾਬਲੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਸੀਰੀਜ਼ ਦਾ ਪਹਿਲਾ ਮੈਚ 12 ਮਾਰਚ ਨੂੰ ਖੇਡਿਆ ਜਾਵੇਗਾ।
ਯੂਏਈ ਵਿੱਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਯਕੀਨ ਦਿਵਾਉਣ ਵਾਲੇ ਸੂਰਯਾਕੁਮਾਰ ਯਾਦਵ ਨੂੰ ਟੀਮ ਵਿੱਚ ਚੁਣਿਆ ਗਿਆ ਹੈ, ਜਦੋਂ ਕਿ ਵਿਜੇ ਹਜਾਰੇ ਟ੍ਰਾਫ਼ੀ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਝਾਰਖੰਡ ਦੇ ਖੱਬੇਪੱਖੀ ਵਿਕਟਕੀਪਰ ਈਸ਼ਾਨ ਕਿਸ਼ਨ ਨੂੰ ਵੀ ਪਹਿਲੀ ਵਾਰ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਹੈ। ਉੱਥੇ ਹੀ ਆਖਰੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਲੰਬੇ ਸਮੇਂ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ।
ਦਰਅਸਲ, ਭਾਰਤੀ ਟੀਮ ਦੀ ਚੋਣ ਤੋਂ ਇਹ ਸਪੱਸ਼ਟ ਹੈ ਕਿ ਇਸ ਸਾਲ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਚੋਣ ਕਮੇਟੀ ਕੁਝ ਖਿਡਾਰੀਆਂ ਨੂੰ ਭਾਰਤੀ ਜਰਸੀ ਵਿੱਚ ਮੌਕਾ ਦੇਣਾ ਚਾਹੁੰਦੀ ਹੈ। ਖ਼ਾਸਕਰ ਸੂਰਯਕੁਮਾਰ ਅਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀ, ਜਿਨ੍ਹਾਂ ਨੇ ਆਈਪੀਐਲ ਵਿੱਚ ਆਪਣੇ ਪ੍ਰਦਰਸ਼ਨ ਤੋਂ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਕੁੱਲ ਮਿਲਾ ਕੇ ਪਹਿਲੀ ਵਾਰ ਤਿੰਨ ਨਵੇਂ ਚਿਹਰਿਆਂ ਨੂੰ ਭਾਰਤੀ ਟੀ-20 ਟੀਮ ਵਿੱਚ ਜਗ੍ਹਾ ਮਿਲੀ ਹੈ। ਤੀਜਾ ਚਿਹਰਾ ਰਾਜਸਥਾਨ ਰਾਇਲਜ਼ ਅਤੇ ਘਰੇਲੂ ਕ੍ਰਿਕਟ ਵਿੱਚ ਹਰਿਆਣਾ ਦੇ ਲਈ ਖੇਡਣ ਵਾਲੇ ਆਲਰਾਊਂਡਰ ਰਾਹੁਲ ਤੇਵਤਿਆ ਹਨ, ਜੋ ਆਸਟਰੇਲੀਆ ਦੌਰੇ ਲਈ ਟੀ -20 ਟੀਮ ਵਿਚ ਜਗ੍ਹਾ ਬਣਾਉਣ ਤੋਂ ਬਾਅਦ ਜ਼ਖਮੀ ਹੋ ਗਏ ਸੀ।
ਇਸ ਤੋਂ ਇਲਾਵਾ ਖੱਬੇ ਹੱਥ ਦੇ ਗੁੱਟ ਦੇ ਸਪਿਨਰ ਕੁਲਦੀਪ ਯਾਦਵ ਅਤੇ ਮਨੀਸ਼ ਪਾਂਡੇ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਆਸਟ੍ਰੇਲੀਆ ਦੌਰੇ ਲਈ ਟੀ20 ਟੀਮ ਵਿੱਚ ਸ਼ਾਮਿਲ ਕੀਤੇ ਗਏ ਕੁਝ ਖਿਡਾਰੀਆਂ ਨੂੰ ਇੰਗਲੈਂਡ ਖਿਲਾਫ਼ ਟੀਮ ਵਿੱਚ ਜਗ੍ਹਾ ਨਹੀਂ ਮਿਲ ਸਕੀ ਹੈ। ਇਨ੍ਹਾਂ ਵਿੱਚ ਮਨੀਸ਼ ਪਾਂਡੇ, ਮਯੰਕ ਅਗਰਵਾਲ, ਵਿਕਟਕੀਪਰ ਸੰਜੂ ਸੈਮਸਨ ਸ਼ਾਮਿਲ ਹਨ।
ਦੱਸ ਦੇਈਏ ਕਿ ਇੰਗਲੈਂਡ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ,ਸੂਰਯਾ ਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟ ਕੀਪਰ), ਈਸ਼ਾਨ ਕਿਸ਼ਨ (ਵਿਕਟ ਕੀਪਰ), ਯੁਜਵੇਂਦਰ ਚਾਹਲ, ਵਰੁਣ ਚੱਕਰਵਰਤੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਾਹੁਲ ਤੇਵਤਿਆ, ਟੀ ਨਟਰਾਜਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਨਵਦੀਪ ਸੈਣੀ, ਸ਼ਾਰਦੂਲ ਠਾਕੁਰ ਆਦਿ ਸ਼ਾਮਿਲ ਹਨ।