BCCI Chief Sourav Ganguly Discharged: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀਰਵਾਰ ਨੂੰ ਕੋਲਕਾਤਾ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ । ਸੌਰਵ ਗਾਂਗੁਲੀ ਨੇ ਕਿਹਾ ਕਿ ਉਹ ਹੁਣ ਠੀਕ ਹਨ ਅਤੇ ਜਲਦੀ ਵਾਪਸੀ ਕਰਨਗੇ । ਜ਼ਿਕਰਯੋਗ ਹੈ ਕਿ 48 ਸਾਲਾਂ ਸੌਰਵ ਗਾਂਗੁਲੀ ਦਾ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਉਨ੍ਹਾਂ ਨੂੰ ਸ਼ਨੀਵਾਰ ਨੂੰ ਦਿਲ ਦਾ ਹਲਕਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਘਰ ‘ਤੇ ਹੀ ਗਾਂਗੁਲੀ ਦੀ ਸਿਹਤ ‘ਤੇ ਨਜ਼ਰ ਰੱਖੀ ਜਾਵੇਗੀ।
ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਗਾਂਗੁਲੀ ਨੇ ਕਿਹਾ,’ਅਸੀਂ ਆਪਣੀ ਜਾਨ ਬਚਾਉਣ ਲਈ ਹਸਪਤਾਲ ਆਉਂਦੇ ਹਾਂ । ਇਹ ਸੱਚ ਸਾਬਿਤ ਹੋਇਆ। ਉਨ੍ਹਾਂ ਕਿਹਾ ਕਿ ਮੈਂ ਵੁੱਡਲੈਂਡਜ਼ ਹਸਪਤਾਲ ਅਤੇ ਸਾਰੇ ਡਾਕਟਰਾਂ ਦੀ ਸ਼ਾਨਦਾਰ ਦੇਖਭਾਲ ਲਈ ਧੰਨਵਾਦ ਕਰਦਾ ਹਾਂ। ਮੈਂ ਬਿਲਕੁਲ ਠੀਕ ਹਾਂ। ਉਮੀਦ ਹੈ ਕਿ ਮੈਂ ਜਲਦੀ ਹੀ ਵਾਪਸੀ ਕਰਾਂਗਾ।’
ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਦਾ ਸ਼ਨੀਵਾਰ ਨੂੰ ਐਂਜੀਓਪਲਾਸਟੀ ਕੀਤੀ ਗਈ ਸੀ। ਹਸਪਤਾਲ ਅਨੁਸਾਰ ਗਾਂਗੁਲੀ ਦੇ ਦਿਲ ਦੀਆਂ ਨਸਾਂ ਵਿੱਚ ਬਾਕੀ ਬਲੋਕੇਜ ਲਈ ਹੋਣ ਵਾਲੀ ਅਗਲੀ ਐਂਜੀਓਪਲਾਸਟੀ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ, ਕਿਉਂਕਿ ਉਹ ਪਹਿਲਾਂ ਨਾਲੋਂ ਕਿਤੇ ਬਿਹਤਰ ਹੈ । ਇਸ ਤੋਂ ਪਹਿਲਾਂ ਕਾਰਡੀਓਲੋਜਿਸਟ ਡਾ. ਦੇਵੀ ਸ਼ੇੱਟੀ ਨੇ ਕਿਹਾ ਸੀ, “ਸੌਰਵ ਗਾਂਗੁਲੀ ਫਿੱਟ ਹੈ ਅਤੇ ਹੁਣ ਉਹ ਫਿਰ ਪਹਿਲਾਂ ਦੀ ਤਰ੍ਹਾਂ ਆਮ ਜ਼ਿੰਦਗੀ ਵਿੱਚ ਵਾਪਸ ਆ ਸਕਦੇ ਹਨ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।’
ਡਾ: ਸ਼ੈੱਟੀ ਵੁੱਡਲੈਂਡ ਮੰਗਲਵਾਰ ਨੂੰ ਹਸਪਤਾਲ ਵਿੱਚ ਗਾਂਗੁਲੀ ਦਾ ਇਲਾਜ ਕਰਨ ਰਹੇ 13 ਡਾਕਟਰਾਂ ਨਾਲ ਮਿਲੇ ਸਨ । ਉਨ੍ਹਾਂ ਕਿਹਾ, “ਗਾਂਗੁਲੀ ਜਲਦੀ ਠੀਕ ਹੋ ਜਾਣਗੇ, ਕਿਉਂਕਿ ਉਨ੍ਹਾਂ ਦਾ ਦਿਲ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਉਹ 20 ਸਾਲ ਦੀ ਉਮਰ ਵਿੱਚ ਕਰਦਾ ਸੀ।” ਡਾ. ਸ਼ੈੱਟੀ ਨੇ ਕਿਹਾ, “ਇਹ ਕੋਈ ਵੱਡਾ ਦਿਲ ਦਾ ਦੌਰਾ ਨਹੀਂ ਸੀ । ਇਸ ਨਾਲ ਉਨ੍ਹਾਂ ਦੇ ਦਿਲ ਨੂੰ ਕੋਈ ਨੁਕਸਾਨ ਨਹੀਂ ਹੋਇਆ, ਭਵਿੱਖ ਵਿੱਚ ਉਨ੍ਹਾਂ ਦੇ ਜੀਵਨ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।”
ਇਹ ਵੀ ਦੇਖੋ: ਟ੍ਰੈਕਟਰ ਰੈਲੀ ਲਈ ਹੋ ਜਾਓ ਤਿਆਰ, ਜੇ ਖ਼ਰਾਬੀ ਪਈ ਤਾਂ ਮੁਫ਼ਤ ਹੋਵੇਗੀ ਰਿਪੇਅਰ