ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਵਿੱਚ ਮਾੜੇ ਦੌਰ ਵਿੱਚੋਂ ਲੰਘ ਰਹੀ ਪੰਜਾਬ ਕਿੰਗਜ਼ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸਟਾਰ ਬੱਲੇਬਾਜ਼ ਕ੍ਰਿਸ ਗੇਲ ਨੇ ਆਈਪੀਐਲ ਦਾ ਬਾਇਓ ਬੱਬਲ ਛੱਡ ਦਿੱਤਾ ਹੈ।
ਪੰਜਾਬ ਕਿੰਗਜ਼ ਨੇ ਇੱਕ ਬਿਆਨ ਜਾਰੀ ਕਰਕੇ ਕ੍ਰਿਸ ਗੇਲ ਦੇ ਬਾਇਓ ਬੱਬਲ ਤੋਂ ਵੱਖ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬ ਕਿੰਗਜ਼ ਨੇ ਕਿਹਾ ਕਿ ਕ੍ਰਿਸ ਗੇਲ ਨੇ ਬਾਇਓ ਬੱਬਲ ਨੂੰ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ ਕਿਉਂਕਿ ਉਹ ਆਪਣੇ ਆਪ ਨੂੰ ਟੀ -20 ਵਿਸ਼ਵ ਕੱਪ ਲਈ ਤਿਆਰ ਕਰਨਾ ਚਾਹੁੰਦੇ ਹਨ। ਗੇਲ ਨੇ ਕਿਹਾ, ” ਮੈਂ ਪਿਛਲੇ ਕਈ ਮਹੀਨਿਆਂ ਤੋਂ ਬਾਇਓ ਬੱਬਲ ਦਾ ਹਿੱਸਾ ਰਿਹਾ ਹਾਂ। ਪਹਿਲਾਂ ਵੈਸਟਇੰਡੀਜ਼ ਟੀਮ ਲਈ, ਫਿਰ ਸੀਪੀਐਲ ਵਿੱਚ ਅਤੇ ਉਸ ਤੋਂ ਬਾਅਦ ਆਈਪੀਐਲ ਦਾ ਬਾਇਓ ਬੱਬਲ। ਮੈਨੂੰ ਆਪਣੇ ਆਪ ਨੂੰ ਰਿਫਰੇਸ਼ ਕਰਨ ਦੀ ਜ਼ਰੂਰਤ ਹੈ।”
ਕ੍ਰਿਸ ਗੇਲ ਨੇ ਟੀ -20 ਵਿਸ਼ਵ ਕੱਪ ਲਈ ਇਹ ਬ੍ਰੇਕ ਲਿਆ ਹੈ। ਉਨ੍ਹਾਂ ਕਿਹਾ ਕਿ, “ਮੈਂ ਵੈਸਟਇੰਡੀਜ਼ ਨੂੰ ਵਿਸ਼ਵ ਕੱਪ ਜਿੱਤਣ ਵਿੱਚ ਸਹਾਇਤਾ ਕਰਨਾ ਚਾਹੁੰਦਾ ਹਾਂ। ਮੈਂ ਦੁਬਈ ਵਿੱਚ ਹੀ ਬ੍ਰੇਕ ਲੈ ਰਿਹਾ ਹਾਂ। ਮੈਂ ਪੰਜਾਬ ਕਿੰਗਜ਼ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਗੱਲ ਸੁਣੀ। ਵਧੀਆ ਕਾਰਗੁਜ਼ਾਰੀ ਲਈ ਟੀਮ ਨੂੰ ਮੇਰੀਆਂ ਸ਼ੁਭਕਾਮਨਾਵਾਂ।”