Cricket Australia announces annual budget: ਕੋਰੋਨਾ ਸੰਕਟ ਦਾ ਅਸਰ ਸਾਰਿਆਂ ‘ਤੇ ਪਿਆ ਹੈ, ਭਾਵੇਂ ਉਹ ਆਮ ਜਨਤਾ ਹੋਵੇ ਜਾਂ ਕਾਰੋਬਾਰੀ । ਅਜਿਹੀ ਸਥਿਤੀ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਇਸ ਦੇ ਮੱਦੇਨਜ਼ਰ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ । ਸੀਏ ਦੇ ਅਧਿਕਾਰਤ ਬਿਆਨ ਅਨੁਸਾਰ 40 ਹੋਰ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇਗਾ । ਮਾਰਚ ਵਿੱਚ ਕੋਰੋਨਾ ਵਾਇਰਸ ਸੰਕਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 200 ਲੋਕਾਂ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ । ਬੋਰਡ ਨੇ ਕਿਹਾ ਕਿ ਇਸ ਨਾਲ ਹਰ ਸਾਲ 40 ਮਿਲੀਅਨ ਡਾਲਰ ਦੀ ਬਚਤ ਹੋਵੇਗੀ ।
ਹਾਲਾਂਕਿ, ਸੀਏ ਦੇ ਇਸ ਕਦਮ ਨਾਲ ਉਸਦਾ ਘਰੇਲੂ ਸੀਜ਼ਨ ਸੁਰੱਖਿਅਤ ਰਹੇਗਾ। ਸੀਏ ਦੀ ਯੋਜਨਾ ਹੁਣ ਮਾਰਸ਼ ਸ਼ੈਫੀਲਡ ਸ਼ੀਲਡ ਅਤੇ ਮਾਰਸ਼ ਕੱਪ ਕਰਵਾਉਣ ਦੀ ਹੈ। ਉੱਥੇ ਹੀ ਬਿੱਗ ਬੈਸ਼ ਲੀਗ ਅਤੇ ਮਹਿਲਾ ਬਿਗ ਬੈਸ਼ ਲੀਗ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਇਸ ਸਬੰਧੀ ਸੀਏ ਦੇ ਚੇਅਰਮੈਨ ਅਰਲ ਐਡਿੰਗਸ ਨੇ ਕਿਹਾ, “ਕੋਵਿਡ -19 ਸੰਕਟ ਵਿੱਚ ਕ੍ਰਿਕਟ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ । ਕੋਵਿਡ-19 ਦੇ ਪ੍ਰਭਾਵ ਨੂੰ ਵੇਖਦਿਆਂ ਅਸੀਂ ਆਪਣੀ ਸੰਸਥਾ, ਆਪਣੇ ਲੋਕਾਂ, ਸਾਡੇ ਸਹਿਭਾਗੀਆਂ ਅਤੇ ਖਿਡਾਰੀਆਂ ‘ਤੇ ਵਿੱਤੀ ਪ੍ਰਭਾਵ ਨੂੰ ਘੱਟ ਕੀਤਾ ਹੈ।”
ਦੱਸ ਦੇਈਏ ਕਿ ਸੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੇਵਿਨ ਰੌਬਰਟਸ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੀ ਥਾਂ ਨਿਕ ਹਾਕਲੇ ਨੂੰ ਅੰਤਰਿਮ ਸੀਈਓ ਨਿਯੁਕਤ ਕੀਤਾ ਗਿਆ ਹੈ। ਹਾਕਲੇ ਇਸ ਸਮੇਂ ਆਈਸੀਸੀ ਟੀ-20 ਵਰਲਡ ਕੱਪ ਦੇ ਮੁੱਖ ਕਾਰਜਕਾਰੀ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਮਹਿਲਾ ਵਿਸ਼ਵ ਕੱਪ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ ।