DC vs MI IPL 2021: ਦਿੱਲੀ ਕੈਪਿਟਲਸ ਨੇ ਮੰਗਲਵਾਰ ਨੂੰ ਐਮ.ਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਦੇ 14ਵੇਂ ਸੀਜ਼ਨ ਦੇ 13ਵੇਂ ਮੈਚ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ । ਇਸ ਜਿੱਤ ਦੇ ਨਾਲ ਹੀ ਦਿੱਲੀ ਨੇ ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਮੁੰਬਈ ਤੋਂ ਮਿਲੀ ਹਾਰ ਦਾ ਬਦਲਾ ਵੀ ਲਿਆ ਹੈ । ਇਸ ਮੈਚ ਵਿੱਚ ਦਿੱਲੀ ਵੱਲੋਂ ਸ਼ਿਖਰ ਧਵਨ ਅਤੇ ਅਮਿਤ ਮਿਸ਼ਰਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਮੈਚ ਵਿੱਚ ਚਾਰ ਵਿਕਟਾਂ ਲੈਣ ਵਾਲੇ ਅਮਿਤ ਮਿਸ਼ਰਾ ਨੂੰ ਮੈਨ ਆਫ ਦਿ ਮੈਚ ਦਾ ਅਵਾਰਡ ਵੀ ਦਿੱਤਾ ਗਿਆ । ਦਿੱਲੀ ਦੀ ਚਾਰ ਮੈਚਾਂ ਵਿੱਚ ਇਹ ਤੀਜੀ ਜਿੱਤ ਹੈ ਅਤੇ ਹੁਣ ਉਸਦੇ ਛੇ ਅੰਕ ਹੋ ਗਏ ਹਨ ਅਤੇ ਉਹ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਮੁੰਬਈ ਨੂੰ ਚਾਰ ਮੈਚਾਂ ਵਿੱਚ ਦੂਜੀ ਹਾਰ ਮਿਲੀ ਹੈ ਅਤੇ ਟੀਮ ਚਾਰ ਅੰਕਾਂ ਦੇ ਨਾਲ ਚੌਥੇ ਨੰਬਰ ’ਤੇ ਹੈ।
ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ, ਜਿਸ ਨੂੰ ਦਿੱਲੀ ਨੇ 19.1 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ । ਦਿੱਲੀ ਦੀ ਮੁੰਬਈ ਖਿਲਾਫ ਲਗਾਤਾਰ ਪੰਜ ਹਾਰ ਤੋਂ ਬਾਅਦ ਇਹ ਪਹਿਲੀ ਜਿੱਤ ਹੈ । ਮੁੰਬਈ ਤੋਂ ਮਿਲੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪਿਟਲਸ ਦੀ ਸ਼ੁਰੂਆਤ ਵਧੀਆ ਨਹੀਂ ਰਿਹਾ ਅਤੇ ਟੀਮ ਨੇ 11 ਦੇ ਸਕੋਰ ‘ਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾ (7) ਦੀ ਵਿਕਟ ਗਵਾ ਦਿੱਤੀ ।
ਇਸ ਤੋਂ ਬਾਅਦ ਹਾਲਾਂਕਿ ਸ਼ਿਖਰ ਨੇ ਸਟੀਵ ਸਮਿਥ (33) ਨਾਲ ਦੂਜੇ ਵਿਕਟ ਲਈ 48 ਗੇਂਦਾਂ ‘ਤੇ 53 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਨੂੰ ਸਥਿਰਤਾ ਪ੍ਰਦਾਨ ਕੀਤੀ। ਸਮਿਥ ਨੂੰ ਕੇਅਰਟੇਕਰ ਕਪਤਾਨ ਕੀਰੋਨ ਪੋਲਾਰਡ ਨੇ LBW ਕੀਤਾ। ਸਮਿਥ ਨੇ 29 ਗੇਂਦਾਂ ‘ਤੇ ਚਾਰ ਚੌਕੇ ਲਗਾਏ । ਸਮਿਥ ਦੇ ਆਊਟ ਹੋਣ ਤੋਂ ਬਾਅਦ ਸ਼ਿਖਰ ਨੇ ਤੀਸਰੇ ਵਿਕਟ ਲਈ ਲਲਿਤ ਯਾਦਵ (ਨਾਬਾਦ 22) ਨਾਲ 36 ਦੌੜਾਂ ਦੀ ਸਾਂਝੇਦਾਰੀ ਕੀਤੀ । ਸ਼ਿਖਰ ਟੀਮ ਦੇ 100 ਦੌੜਾਂ ਦੇ ਸਕੋਰ ‘ਤੇ ਤੀਸਰੇ ਬੱਲੇਬਾਜ਼ ਵਜੋਂ ਆਊਟ ਹੋ ਗਿਆ । ਉਸ ਨੂੰ ਰਾਹੁਲ ਚਾਹਰ ਨੇ ਕ੍ਰੂਨਲ ਪਾਂਡਿਆ ਦੇ ਹੱਥੋਂ ਕੈਚ ਕਰਵਾ ਦਿੱਤਾ। ਸ਼ਿਖਰ ਨੇ 42 ਗੇਂਦਾਂ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਮਾਰਿਆ ।
ਦੱਸ ਦੇਈਏ ਕਿ ਦਿੱਲੀ ਰਾਜਧਾਨੀ ਨੂੰ ਮੈਚ ਜਿੱਤਣ ਲਈ ਆਖਰੀ ਚਾਰ ਓਵਰਾਂ ਵਿੱਚ 31 ਦੌੜਾਂ ਦੀ ਜ਼ਰੂਰਤ ਸੀ ਅਤੇ ਟੀਮ ਨੇ ਪੰਜ ਗੇਂਦਾਂ ਰਹਿੰਦਿਆਂ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ । ਲਲਿਤ ਨੇ ਇੱਕ ਚੌਕੇ ਦੀ ਬਦੌਲਤ 25 ਗੇਂਦਾਂ ਵਿੱਚ 22 ਦੌੜਾਂ ਬਣਾਈਆਂ । ਸ਼ਿਮਰਨ ਹੇਟਮਾਯਰ ਨੇ ਨੌਂ ਗੇਂਦਾਂ ਤੇ ਦੋ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾਈਆਂ । ਮੁੰਬਈ ਲਈ ਜੈਅੰਤ ਯਾਦਵ, ਜਸਪ੍ਰੀਤ ਬੁਮਰਾਹ, ਕੀਰੋਨ ਪੋਲਾਰਡ ਅਤੇ ਰਾਹੁਲ ਚਹਾਰ ਨੇ ਇੱਕ-ਇੱਕ ਵਿਕਟ ਲਈ।