ਸਾਊਥੈਂਪਟਨ ਦੇ ਦ ਰੋਜ਼ ਬਾਲ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 50 ਦੌੜਾਂ ਨਾਲ ਮਾਤ ਦਿੱਤੀ । ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ । ਟੀਮ ਇੰਡੀਆ ਦੀ ਇਸ ਧਮਾਕੇਦਾਰ ਜਿੱਤ ਦੇ ਹੀਰੋ ਹਾਰਦਿਕ ਪੰਡਯਾ ਰਹੇ । ਉਸ ਨੇ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪਹਿਲਾਂ ਹਾਰਦਿਕ ਨੇ ਸਿਰਫ 33 ਗੇਂਦਾਂ ‘ਤੇ 51 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਫਿਰ 33 ਦੌੜਾਂ ਦੇ ਕੇ ਚਾਰ ਮਹੱਤਵਪੂਰਨ ਵਿਕਟਾਂ ਲਈਆਂ । ਗੇਂਦਬਾਜ਼ੀ ਵਿੱਚ ਟੀ-20 ਅੰਤਰਰਾਸ਼ਟਰੀ ਵਿੱਚ ਹਾਰਦਿਕ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ । ਹਾਰਦਿਕ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ‘ਪਲੇਅਰ ਆਫ ਦਾ ਮੈਚ’ ਦਾ ਖਿਤਾਬ ਮਿਲਿਆ।
199 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ । ਪਹਿਲੇ ਹੀ ਓਵਰ ਵਿੱਚ ਕਪਤਾਨ ਜੋਸ ਬਟਲਰ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ । ਇਸ ਤੋਂ ਬਾਅਦ ਡੇਵਿਡ ਮਲਾਨ ਵੀ 21 ਦੌੜਾਂ ਬਣਾ ਕੇ ਆਊਟ ਹੋ ਗਏ । ਲਿਆਮ ਲਿਵਿੰਗਸਟੋਨ ਵੀ 29 ਦੌੜਾਂ ਦੇ ਕੁੱਲ ਸਕੋਰ ‘ਤੇ ਜ਼ੀਰੋ ‘ਤੇ ਆਊਟ ਹੋ ਗਏ ਅਤੇ ਫਿਰ ਜੇਸਨ ਰਾਏ 16 ਗੇਂਦਾਂ ‘ਤੇ ਸਿਰਫ ਚਾਰ ਦੌੜਾਂ ਬਣਾ ਕੇ ਚਲਦੇ ਬਣੇ । ਇੰਗਲੈਂਡ ਦੀ ਟੀਮ 7ਵੇਂ ਓਵਰ ਵਿੱਚ 33 ਦੌੜਾਂ ‘ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਸੰਘਰਸ਼ ਕਰ ਰਹੀ ਸੀ। ਹਾਲਾਂਕਿ ਇਸ ਤੋਂ ਬਾਅਦ ਮੋਈਨ ਅਲੀ ਅਤੇ ਹੈਰੀ ਬਰੂਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਵਾਪਸੀ ਕਰਵਾਈ।
ਉੱਥੇ ਹੀ ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ । ਕਪਤਾਨ ਰੋਹਿਤ ਸ਼ਰਮਾ 24 ਅਤੇ ਈਸ਼ਾਨ ਕਿਸ਼ਨ 8 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਦੀਪਕ ਹੁੱਡਾ ਅਤੇ ਸੂਰਿਆਕੁਮਾਰ ਯਾਦਵ ਨੇ ਇੰਗਲਿਸ਼ ਗੇਂਦਬਾਜ਼ਾਂ ‘ਤੇ ਜਵਾਬੀ ਹਮਲਾ ਕੀਤਾ । ਦੀਪਕ ਨੇ 17 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸੂਰਿਆਕੁਮਾਰ ਨੇ 19 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਬੱਲੇ ਵਿੱਚੋਂ 4 ਚੌਕੇ ਅਤੇ 2 ਛੱਕੇ ਲੱਗੇ। ਇਸ ਤੋਂ ਬਾਅਦ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਹਾਰਦਿਕ ਪੰਡਯਾ ਨੇ ਸ਼ੁਰੂ ਤੋਂ ਹੀ ਧਮਾਕੇਦਾਰ ਖੇਡ ਦਿਖਾਈ । ਹਾਰਦਿਕ ਨੇ 33 ਗੇਂਦਾਂ ‘ਤੇ 51 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਪੰਡਯਾ ਨੇ 6 ਚੌਕੇ ਅਤੇ 1 ਛੱਕਾ ਲਗਾਇਆ।
ਵੀਡੀਓ ਲਈ ਕਲਿੱਕ ਕਰੋ -: