ਇੰਗਲੈਂਡ ਦੇ ਦਿੱਗਜ ਆਲਰਾਊਂਡਰ ਮੋਇਨ ਅਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਮੋਇਨ ਨੇ ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਆਪਣੇ ਕਰੀਅਰ ਨੂੰ ਵਧਾਉਣ ਲਈ ਇਹ ਫੈਸਲਾ ਲਿਆ ਹੈ।
ਮੋਇਨ ਨੇ ਕਪਤਾਨ ਜੋ ਰੂਟ ਅਤੇ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ। 34 ਸਾਲਾ ਮੋਇਨ ਨੇ 64 ਟੈਸਟ ਮੈਚਾਂ ਵਿੱਚ 28.29 ਦੀ ਔਸਤ ਨਾਲ 2914 ਦੌੜਾਂ ਬਣਾਈਆਂ ਹਨ ਅਤੇ 36.66 ਦੀ ਔਸਤ ਨਾਲ 195 ਵਿਕਟਾਂ ਲਈਆਂ ਹਨ। ਮੋਇਨ ਨੇ 2019 ਦੀ ਏਸ਼ੇਜ਼ ਸੀਰੀਜ਼ ਤੋਂ ਬਾਅਦ ਟੈਸਟ ਕ੍ਰਿਕਟ ਨਹੀਂ ਖੇਡੀ ਹੈ ਪਰ ਹਾਲ ਹੀ ਵਿੱਚ ਭਾਰਤ ਵਿਰੁੱਧ ਘਰੇਲੂ ਸੀਰੀਜ਼ ਲਈ ਟੈਸਟ ਟੀਮ ਵਿੱਚ ਵਾਪਸੀ ਕੀਤੀ ਸੀ।
ਫਿਲਹਾਲ ਉਹ ਇਸ ਵੇਲੇ ਯੂਏਈ ਵਿੱਚ ਆਈਪੀਐਲ ਖੇਡ ਰਹੇ ਹਨ, ਜਿਸ ਵਿੱਚ ਉਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦਾ ਹਿੱਸਾ ਹਨ। ਆਈਪੀਐਲ ਦੇ 14 ਵੇਂ ਸੀਜ਼ਨ ਵਿੱਚ ਮੋਇਨ ਅਲੀ ਨੇ ਹੁਣ ਤੱਕ 9 ਮੈਚਾਂ ਵਿੱਚ 29.00 ਦੀ ਔਸਤ ਨਾਲ 261 ਦੌੜਾਂ ਬਣਾਈਆਂ ਹਨ ਅਤੇ 5 ਵਿਕਟਾਂ ਵੀ ਲਈਆਂ ਹਨ।