ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਓਵਲ ਵਿੱਚ ਖੇਡਿਆ ਜਾ ਰਿਹਾ ਏਸ਼ੇਜ਼ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਉਸ ਦੇ ਕਰੀਅਰ ਦਾ ਆਖਰੀ ਮੈਚ ਹੋਣ ਜਾ ਰਿਹਾ ਹੈ । ਇਸ ਪੰਜਵੇਂ ਟੈਸਟ ਮੈਚ ਦੇ ਤੀਜੇ ਦਿਨ (29 ਜੁਲਾਈ) ਦੀ ਸਮਾਪਤੀ ਤੋਂ ਬਾਅਦ ਬ੍ਰਾਡ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ।
37 ਸਾਲਾ ਬ੍ਰਾਡ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਕੱਲ੍ਹ ਜਾਂ ਸੋਮਵਾਰ ਮੇਰਾ ਕ੍ਰਿਕਟ ਦਾ ਆਖਰੀ ਮੈਚ ਹੋਵੇਗਾ। ਇਹ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਨਾਟਿੰਘਮਸ਼ਾਇਰ ਅਤੇ ਇੰਗਲੈਂਡ ਲਈ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਰਹੀ । ਮੈਂ ਹੁਣ ਵੀ ਕ੍ਰਿਕਟ ਨੂੰ ਓਨਾ ਹੀ ਪਿਆਰ ਕਰਦਾ ਹਾਂ ਜਿੰਨਾ ਪਹਿਲਾਂ ਕਰਦਾ ਸੀ। ਇਹ ਇੱਕ ਸ਼ਾਨਦਾਰ ਸੀਰੀਜ਼ ਰਹੀ, ਜਿਸਦਾ ਮੈਂ ਇੱਕ ਹਿੱਸਾ ਰਿਹਾ ਹਾਂ। ਮੈਂ ਹਮੇਸ਼ਾ ਸਿਖਰ ‘ਤੇ ਰਹਿ ਕੇ ਖਤਮ ਕਰਨਾ ਚਾਹੁੰਦਾ ਸੀ। ਇਸ ਸੀਰੀਜ਼ ਦਾ ਹਿੱਸਾ ਬਣਨਾ ਸਭ ਤੋਂ ਸ਼ਾਨਦਾਰ ਅਤੇ ਮਨੋਰੰਜਕ ਰਿਹਾ ਹੈ।
167 ਟੈਸਟ ਮੈਚਾਂ ਦੇ ਨਾਲ ਆਪਣੇ ਕਰੀਅਰ ਦਾ ਅੰਤ ਕਰਨ ਜਾ ਰਹੇ ਸਟੂਅਰਟ ਬ੍ਰਾਡ ਟੈਸਟ ਇਤਿਹਾਸ ਵਿੱਚ 600 ਵਿਕਟਾਂ ਲੈਣ ਵਾਲੇ ਸਿਰਫ ਦੂਜੇ ਤੇਜ਼ ਗੇਂਦਬਾਜ਼ ਹਨ। ਬਰਾਡ ਨੇ ਮੌਜੂਦਾ ਏਸ਼ੇਜ਼ ਲੜੀ ਦੇ ਚੌਥੇ ਟੈਸਟ ਮੈਚ ਦੌਰਾਨ ਟ੍ਰੈਵਿਸ ਹੈੱਡ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਕੁੱਲ ਮਿਲਾ ਕੇ, ਉਹ ਟੈਸਟ ਕ੍ਰਿਕਟ ਵਿੱਚ 600 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਪੰਜਵਾਂ ਗੇਂਦਬਾਜ਼ ਹੈ।
ਦੱਸ ਦੇਈਏ ਕਿ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਸਾਲ 2007 ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ ਵਿੱਚ ਉਹ ਸਚਿਨ ਤੇਂਦੁਲਕਰ (200), ਜੇਮਸ ਐਂਡਰਸਨ (183*), ਰਿਕੀ ਪੋਂਟਿੰਗ (182), ਸਟੀਵ ਵਾ (168) ਤੋਂ ਬਾਅਦ ਛੇਵੇਂ ਨੰਬਰ ‘ਤੇ ਹੈ। ਬਰਾਡ, ਜਿਸ ਨੇ 30 ਅਗਸਤ 2006 ਨੂੰ ਪਾਕਿਸਤਾਨ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਸੀ, ਨੇ ਆਪਣਾ ਆਖਰੀ ਵਨਡੇ 14 ਫਰਵਰੀ 2016 ਨੂੰ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਬ੍ਰਾਡ ਨੇ 121 ਵਨਡੇ ਮੈਚਾਂ ਵਿੱਚ 178 ਵਿਕਟਾਂ ਅਤੇ 56 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 65 ਵਿਕਟਾਂ ਹਾਸਲ ਕੀਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: