ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਨੇ ਸਿਰਫ ਅੱਠ ਦਿਨਾਂ ਵਿੱਚ YSR ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਸਦੀ ਜਾਣਕਾਰੀ ਆਪਣੇ ਅਧਿਕਾਰਤ ਐਕਸ (ਟਵਿੱਟਰ) ਅਕਾਊਂਟ ‘ਤੇ ਦਿੱਤੀ ਹੈ। ਰਾਇਡੂ 28 ਦਸੰਬਰ 2023 ਨੂੰ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਅਤੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਸੀ।
ਇਸ ਸਬੰਧੀ ਰਾਇਡੂ ਨੇ ਟਵੀਟ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸੂਚਿਤ ਕਰਨਾ ਹੈ ਕਿ ਮੈਂ YSR ਕਾਂਗਰਸ ਪਾਰਟੀ ਛੱਡਣ ਅਤੇ ਕੁਝ ਸਮੇਂ ਲਈ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ । ਅਗਲੇਰੀ ਕਾਰਵਾਈ ਦੇ ਬਾਰੇ ਸਹੀ ਸਮੇਂ ਆਉਣ ‘ਤੇ ਦੱਸਿਆ ਜਾਵੇਗਾ । ਰਾਇਡੂ ਨੇ 28 ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ YS ਜਗਨ ਮੋਹਨ ਰੈੱਡੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਸੂਬੇ ਦੇ ਡਿਪਟੀ CM ਨਾਰਾਇਣ ਸਵਾਮੀ ਅਤੇ ਸੰਸਦ ਮੈਂਬਰ ਪੇਡਿਰੈਡੀ ਮਿਥੁਨ ਰੈੱਡੀ ਵੀ ਮੌਜੂਦ ਸਨ । ਫੋਲਹਾਲ ਰਾਇਡੂ ਨੇ ਪਾਰਟੀ ਛੱਡਣ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਹੈ।
ਦੱਸ ਦੇਈਏ ਕਿ ਰਾਇਡੂ ਨੇ IPL 2023 ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 204 ਮੈਚਾਂ ਵਿੱਚ 28.23 ਦੀ ਔਸਤ ਨਾਲ 4,348 ਦੌੜਾਂ ਬਣਾਈਆਂ ਹਨ । ਉਨ੍ਹਾਂ ਨੇ ਲੀਗ ਵਿੱਚ 1 ਸੈਂਕੜਾ ਅਤੇ 22 ਅਰਧ ਸੈਂਕੜੇ ਲਗਾਏ ਹਨ । ਉਨ੍ਹਾਂ ਨੇ ਚੇੱਨਈ ਸੁਪਰ ਕਿੰਗਜ਼ (CSK) ਵੱਲੋਂ 90 ਮੈਚਾਂ ਵਿੱਚ 29.72 ਦੀ ਔਸਤ ਨਾਲ 1,932 ਦੌੜਾਂ ਬਣਾਈਆਂ ਹਨ। ਰਾਇਡੂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ 2019 ਵਿੱਚ ਅਲਵਿਦਾ ਕਹਿ ਦਿੱਤਾ ਸੀ । ਉਨ੍ਹਾਂ ਨੇ ਅੰਤਰਰਾਸ਼ਟਰੀ ਕਰੀਅਰ ਵਿੱਚ 55 ਵਨਡੇ ਖੇਡੇ, 10 ਅਰਧ ਸੈਂਕੜਿਆਂ ਅਤੇ 3 ਸੈਂਕੜਿਆਂ ਦੀ ਬਦੌਲਤ 1,694 ਦੌੜਾਂ ਬਣਾਈਆਂ । ਇਸਦੇ ਨਾਲ ਹੀ 6 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 42 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”