Faf Du Plessis announces retirement: ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੁ ਪਲੇਸਿਸ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ । ਡੁ ਪਲੇਸਿਸ ਨੇ ਪਾਕਿਸਤਾਨ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ । ਡੁ ਪਲੇਸਿਸ ਹਾਲਾਂਕਿ ਦੱਖਣੀ ਅਫਰੀਕਾ ਲਈ ਵਨਡੇ ਅਤੇ ਟੀ -20 ਮੈਚ ਖੇਡਣਾ ਜਾਰੀ ਰੱਖਣਗੇ । ਇਸ ਤੋਂ ਇਲਾਵਾ ਡੁ ਪਲੇਸਿਸ IPL ਵਰਗੇ ਟੂਰਨਾਮੈਂਟ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਖੇਡਦੇ ਹੋਏ ਦਿਖਾਈ ਦੇਣਗੇ । ਡੁ ਪਲੇਸਿਸ ਨੇ ਸੋਸ਼ਲ ਮੀਡੀਆ ਰਾਹੀਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਜਾਣਕਾਰੀ ਦਿੱਤੀ ਹੈ । ਡੁ ਪਲੇਸਿਸ ਨੇ ਲਿਖਿਆ, “ਮੈਂ ਇਹ ਫੈਸਲਾ ਦਿਲੋਂ ਲਿਆ ਹੈ। ਇਹ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦਾ ਸਮਾਂ ਹੈ।”
ਡੂ ਪਲੇਸਿਸ ਨੇ ਕਿਹਾ, “ਇੱਕ ਸਾਲ ਅਸੀਂ ਸਭ ਦੇ ਲਈ ਬਹੁਤ ਹੀ ਮੁਸ਼ਕਿਲ ਰਿਹਾ। ਪਰ ਇਸ ਇੱਕ ਸਾਲ ਕਾਰਨ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਮੌਕਾ ਵੀ ਮਿਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡਣਾ ਮਾਣ ਵਾਲੀ ਗੱਲ ਹੈ, ਪਰ ਹੁਣ ਮੈਂ ਟੈਸਟ ਕ੍ਰਿਕਟ ਖੇਡਣ ਲਈ ਉਪਲਬਧ ਨਹੀਂ ਰਹਾਂਗਾ।”
ਇਸ ਤੋਂ ਇਲਾਵਾ ਡੁ ਪਲੇਸਿਸ ਨੇ ਦੱਖਣੀ ਅਫਰੀਕਾ ਦੀ ਕਮਾਨ ਸੰਭਾਲਣ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸੀ ਹੈ। ਉਨ੍ਹਾਂ ਕਿਹਾ, “15 ਸਾਲ ਪਹਿਲਾਂ ਕੋਈ ਮੈਨੂੰ ਕਹਿੰਦਾ ਕਿ ਮੈਂ ਦੱਖਣੀ ਅਫਰੀਕਾ ਲਈ 69 ਟੈਸਟ ਖੇਡ ਸਕਦਾ ਹਾਂ ਤਾਂ ਮੈਨੂੰ ਇਸ ਗੱਲ ‘ਤੇ ਵਿਸ਼ਵਾਸ ਨਹੀਂ ਹੁੰਦਾ। ਪਰ ਮੈਂ ਨਾ ਸਿਰਫ ਦੱਖਣੀ ਅਫਰੀਕਾ ਲਈ ਟੈਸਟ ਕ੍ਰਿਕਟ ਖੇਡ ਸਕਿਆ ਬਲਕਿ ਮੈਨੂੰ ਟੀਮ ਦੀ ਅਗਵਾਈ ਕਰਨ ਦਾ ਮੌਕਾ ਵੀ ਮਿਲਿਆ । ਇਹ ਬਹੁਤ ਮਾਣ ਵਾਲੀ ਗੱਲ ਹੈ।”
ਦੱਸ ਦੇਈਏ ਕਿ ਇਸਦੇ ਨਾਲ ਹੀ ਡੁ ਪਲੇਸਿਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 2021, 2022 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਡੂ ਪਲੇਸਿਸ ਦਾ ਮੰਨਣਾ ਹੈ ਕਿ ਹੁਣ ਉਹ ਸੀਮਤ ਓਵਰਾਂ ਦੀ ਕ੍ਰਿਕਟ ਨੂੰ ਬਿਹਤਰ ਢੰਗ ਨਾਲ ਕੇਂਦਰਤ ਕਰ ਸਕਦੇ ਹਨ । ਡੁ ਪਲੇਸਿਸ ਨੇ ਦੱਖਣੀ ਅਫਰੀਕਾ ਲਈ ਖੇਡੇ ਗਏ 69 ਟੈਸਟ ਮੈਚਾਂ ਵਿੱਚ 40 ਦੀ ਔਸਤ ਨਾਲ 4,163 ਦੌੜਾਂ ਬਣਾਈਆਂ ।
ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !