Farmers protest shubman gill: ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਹੁਣ ਖੇਡ ਜਗਤ ਦੀਆ ਕਈ ਨਾਮੀ ਹਸਤੀਆਂ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆ ਰਹੀਆਂ ਹਨ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਪਰਿਵਾਰ ਵੀ ਹੁਣ ਕਿਸਾਨਾਂ ਦੇ ਹੱਕ ‘ਚ ਅੱਗੇ ਆਇਆ ਹੈ। ਸ਼ੁਭਮਨ ਗਿੱਲ ਦੇ ਪਰਿਵਾਰ ਦੇ ਕੁੱਝ ਮੈਂਬਰ ਵੀ ਸਿੰਘੂ ਸਰਹੱਦ ‘ਤੇ ਜਾਰੀ ਪ੍ਰਦਰਸ਼ਨ ਵਿੱਚ ਪਹੁੰਚ ਗਏ ਹਨ।
ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਸਟ੍ਰੇਲੀਆ ਖ਼ਿਲਾਫ਼ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਸ਼ਿਖਰ ਧਵਨ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਸੀ। ਗਿੱਲ ਦੇ ਦਾਦਾ ਦੀਦਾਰ ਸਿੰਘ ਗਿੱਲ ਬੀਤੇ ਦਿਨੀਂ ਸ਼ੁਭਮਨ ਦੀ ਬੱਲੇਬਾਜ਼ੀ ਦੇ ਨਾਲ-ਨਾਲ ਕਿਸਾਨੀ ਅੰਦੋਲਨ ਦੀਆਂ ਖ਼ਬਰਾਂ ਵੀ ਦੇਖ ਰਹੇ ਸਨ। ਦੱਸ ਦਈਏ ਕਿ ਜਲਾਲਾਬਾਦ ਨੇੜੇ ਚੱਕ ਖੇੜਾ ਪਿੰਡ ਦੇ ਰਹਿਣ ਵਾਲੇ ਸ਼ੁਭਮਨ ਗਿੱਲ ਦਾ ਪਰਿਵਾਰ ਵੀ ਖੇਤੀ ਕਰਦਾ ਹੈ। ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ (ਦੀਦਾਰ ਸਿੰਘ) ਵੀ ਨਵੇਂ ਖੇਤੀਬਾੜੀ ਕਨੂੰਨ ਵਿਰੁੱਧ ਜਾਰੀ ਅੰਦੋਲਨ ਵਿਚ ਹਿੱਸਾ ਲੈਣਾ ਚਾਹੁੰਦੇ ਸਨ, ਪਰ ਅਸੀਂ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ। ਲਖਵਿੰਦਰ ਸਿੰਘ ਨੇ ਕਿਹਾ, ਸ਼ੁਭਮਨ ਨੂੰ ਵੀ ਪਤਾ ਹੈ ਕਿ ਇਹ ਅੰਦੋਲਨ ਕਿਸਾਨਾਂ ਲਈ ਕਿੰਨਾ ਮਹੱਤਵਪੂਰਣ ਹੈ।
ਗਿੱਲ ਦੇ ਪਿਤਾ ਨੇ ਅੱਗੇ ਕਿਹਾ, ਸ਼ੁਬਮਨ ਨੇ ਪਿੰਡ ਵਿੱਚ ਬਹੁਤ ਸਾਰਾ ਸਮਾਂ ਬਤੀਤ ਕੀਤਾ ਹੈ। ਉਸ ਨੇ ਆਪਣੇ ਪਿਤਾ, ਦਾਦਾ ਅਤੇ ਚਾਚੇ ਨੂੰ ਖੇਤਾਂ ਵਿੱਚ ਕੰਮ ਕਰਦੇ ਵੇਖਿਆ ਹੈ। ਉਸ ਕੋਲ ਵੀ ਖੇਤੀ ਦਾ ਤਜਰਬਾ ਹੈ ਅਤੇ ਉਹ ਜਾਣਦਾ ਹੈ ਕਿ ਇਹ ਅੰਦੋਲਨ ਕਿਸਾਨੀ ਲਈ ਕਿੰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇ ਸ਼ੁਭਮਨ ਕ੍ਰਿਕਟਰ ਨਾ ਹੁੰਦਾ ਤਾਂ ਉਹ ਕਿਸਾਨ ਹੁੰਦਾ। ਉਸ ਨੂੰ ਅਜੇ ਵੀ ਖੇਤੀ ਵਿੱਚ ਰੁਚੀ ਹੈ। ਸ਼ੁਬਮਨ ਨੇ ਇਹ ਵੀ ਕਿਹਾ ਹੈ ਕਿ ਆਪਣੇ ਕ੍ਰਿਕਟ ਕੈਰੀਅਰ ਤੋਂ ਬਾਅਦ ਉਹ ਖੇਤੀਬਾੜੀ ਕਰੇਂਗਾ।
ਇਹ ਵੀ ਦੇਖੋ : ਕਿਸਾਨਾਂ ਨੇ ਧਰੀ ਕੇਂਦਰੀ ਮੰਤਰੀਆਂ ਲਈ ਖੀਰ, ਕਹਿੰਦੇ ਤੁਸੀਂ ਚਾਹ ਪਿਆਉਣ ਸੱਦਿਆ, ਅਸੀਂ ਖੀਰ ਖਵਾਵਾਂਗੇ