Former cricketer Sarfraz Nawaz exposes: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਰਫਰਾਜ਼ ਨਵਾਜ਼ ਨੇ ਆਪਣੇ ਸਾਬਕਾ ਸਾਥੀ ਅਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਵੱਡਾ ਦੋਸ਼ ਲਗਾਇਆ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਲਈ ਖੇਡਦੇ ਸਮੇਂ ਇਮਰਾਨ ਖਾਨ ਨਸ਼ਿਆਂ ਦਾ ਸੇਵਨ ਕਰਦੇ ਸੀ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਸਰਫਰਾਜ਼ ਇਮਰਾਨ ਖਾਨ ਦੇ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਗੌਰਤਲਬ ਹੈ ਕਿ ਇਮਰਾਨ ਦੀ ਗਿਣਤੀ ਦੁਨੀਆ ਦੇ ਸਭ ਤੋਂ ਵਧੀਆ ਆਲਰਾਊਂਡਰ ਵਿੱਚ ਹੁੰਦੀ ਹੈ।
ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਤੋਂ ਇਲਾਵਾ ਇਮਰਾਨ ਇੱਕ ਮਹਾਨ ਕਪਤਾਨ ਵਜੋਂ ਵੀ ਜਾਣੇ ਜਾਂਦੇ ਹਨ ।ਉਨ੍ਹਾਂ ਦੀ ਕਪਤਾਨੀ ਵਿੱਚ ਹੀ ਪਾਕਿਸਤਾਨ ਨੇ 1992 ਦਾ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ । ਇਮਰਾਨ ਨੇ ਆਪਣੇ ਕਰੀਅਰ ਵਿੱਚ 362 ਟੈਸਟ ਅਤੇ 182 ਵਨਡੇ ਅੰਤਰਰਾਸ਼ਟਰੀ ਵਿਕਟਾਂ ਲਈਆਂ।
ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸਰਫਰਾਜ਼ ਨਵਾਜ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 1987 ਵਿੱਚ ਇਮਰਾਨ ਖਾਨ ਨੂੰ ਨਸ਼ਿਆਂ ਦੀ ਵਰਤੋਂ ਕਰਦਿਆਂ ਦੇਖਿਆ ਸੀ । ਨਵਾਜ਼ ਨੇ ਕਿਹਾ ਕਿ ਉਨ੍ਹਾਂ ਨੇ ਇਮਰਾਨ ਨੂੰ ਚਰਸ ਵੀ ਪੀਂਦੇ ਹੋਏ ਵੇਖਿਆ ਹੈ । ਉਨ੍ਹਾਂ ਨੇ ਦੋਸ਼ ਲਾਇਆ ਕਿ ਇਮਰਾਨ ਕੋਕੀਨ ਦਾ ਸੇਵਨ ਵੀ ਕਰਦੇ ਸਨ । ਸਰਫਰਾਜ ਅਤੇ ਇਮਰਾਨ 1970 ਅਤੇ 80 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸਨ । ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਪਾਕਿਸਤਾਨੀ ਵੀਡੀਓ ਵਿੱਚ ਸਰਫਰਾਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਸਦੇ ਇਕਲੌਤੇ ਗਵਾਹ ਨਹੀਂ ਹਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਸਦਾ ਦਾਅਵਾ ਝੂਠਾ ਹੈ ਤਾਂ ਇਮਰਾਨ ਉਸਨੂੰ ਅਦਾਲਤ ਵਿੱਚ ਲੈ ਜਾ ਸਕਦੇ ਹਨ।
ਦੱਸ ਦੇਈਏ ਕਿ 1969 ਤੋਂ 1984 ਤੱਕ ਪਾਕਿਸਤਾਨ ਲਈ 55 ਟੈਸਟ ਅਤੇ 45 ਵਨਡੇ ਮੈਚ ਖੇਡਣ ਵਾਲੇ ਸਰਫਰਾਜ ਲੰਬੇ ਸਮੇਂ ਤੋਂ ਤੇਜ਼ ਗੇਂਦਬਾਜ਼ੀ ਦੇ ਮੋਰਚੇ ‘ਤੇ ਇਮਰਾਨ ਖਾਨ ਦੇ ਸਾਥੀ ਰਹੇ। ਉਹ ਰਿਵਰਸ ਸਵਿੰਗ ਦੇ ਰਾਜਾ ਸੀ। ਟੈਸਟ ਕ੍ਰਿਕਟ ਵਿੱਚ 177 ਵਿਕਟਾਂ ਲੈਣ ਵਾਲੇ ਸਰਫਰਾਜ ਬਾਅਦ ਵਿੱਚ ਪਾਕਿਸਤਾਨ ਵਿੱਚ ਸੰਸਦ ਮੈਂਬਰ ਬਣੇ । ਇਸ ਤੋਂ ਇਲਾਵਾ ਉਹ ਕੁਮੈਂਟੇਟਰ ਵੀ ਰਹੇ। ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ 5000 ਤੋਂ ਵੱਧ ਦੌੜਾਂ ਵੀ ਬਣਾਈਆਂ ।