Former Ranji trophy player: ਕੋਚੀ: ਭਾਰਤ ਦੀ ਅੰਡਰ-19 ਟੀਮ ਅਤੇ ਰਣਜੀ ਟਰਾਫੀ ਦੇ ਸਾਬਕਾ ਖਿਡਾਰੀ ਐਮ.ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਅਨੁਸਾਰ ਉਸਦੀ ਲਾਸ਼ ਸ਼ੁੱਕਰਵਾਰ ਸ਼ਾਮ 7 ਵਜੇ ਉਸਦੇ ਬੈਡਰੂਮ ਵਿੱਚ ਮਿਲੀ । ਉਸਦੇ ਬੇਟੇ ਨੇ ਉਸਦੀ ਮੌਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ । ਸਾਲ 2005 ਵਿੱਚ ਉਸਨੇ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਭਾਰਤ ਦੀ ਅੰਡਰ-19 ਟੀਮ ਦਾ ਹਿੱਸਾ ਵੀ ਸੀ।
ਹੱਤਿਆ ਜਾਂ ਖ਼ੁਦਕੁਸ਼ੀ?
ਦਰਅਸਲ, ਅਲਾਪੂਝਾ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਇਨ੍ਹੀਂ ਦਿਨੀਂ ਰੇਲਵੇ ਵਿੱਚ ਕੰਮ ਕਰਦੇ ਸੀ। ਪੁਲਿਸ ਨੇ ਦੱਸਿਆ, ‘ਉਸ ਦੇ ਬੇਟੇ ਨੇ ਸਾਨੂੰ ਸ਼ਾਮ 7.15 ਵਜੇ ਸੂਚਿਤ ਕੀਤਾ ਕਿ ਉਸਦੇ ਪਿਤਾ ਦੀ ਲਾਸ਼ ਘਰ ਵਿੱਚ ਲਟਕ ਰਹੀ ਹੈ । ਮੁੱਢਲੀ ਜਾਂਚ ਤੋਂ ਇਹ ਲੱਗ ਰਿਹਾ ਹੈ ਕਿ ਇਹ ਖੁਦਕੁਸ਼ੀ ਹੈ, ਪਰ ਅਸੀਂ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੇ ਹਾਂ।’
ਪਹਿਲੀ ਸ਼੍ਰੇਣੀ ਦੀ ਕ੍ਰਿਕਟ ‘ਚ ਜਲਵਾ
72 ਪਹਿਲੇ ਦਰਜੇ ਦੇ ਮੈਚ ਖੇਡ ਚੁੱਕੇ ਖੱਬੇ ਹੱਥ ਦੇ ਸਪਿੰਨਰ ਸੁਰੇਸ਼ ਕੁਮਾਰ ਨੇ 196 ਵਿਕਟਾਂ ਲਈਆਂ, ਜਦਕਿ ਉਨ੍ਹਾਂ ਨੇ 1657 ਦੌੜਾਂ ਬਣਾਈਆਂ ਸਨ। ਕੇਰਲਾ ਲਈ ਉਨ੍ਹਾਂ ਨੇ 52 ਮੈਚ ਖੇਡੇ, ਜਦੋਂਕਿ ਰੇਲਵੇ ਲਈ 17 ਮੈਚ ਖੇਡੇ। ਇਸ ਤੋਂ ਇਲਾਵਾ ਦਲੀਪ ਟਰਾਫੀ ਵਿੱਚ ਵੀ ਉਹ ਕੇਂਦਰੀ ਅਤੇ ਦੱਖਣੀ ਜ਼ੋਨ ਲਈ ਖੇਡੇ। ਸਾਲ 1990 ਵਿੱਚ ਉਨ੍ਹਾਂ ਨੂੰ ਅੰਡਰ-19 ਟੈਸਟ ਟੀਮ ਵਿੱਚ ਵੀ ਜਗ੍ਹਾ ਮਿਲੀ ਸੀ ।
ਦ੍ਰਵਿੜ ਨਾਲ ਵੀ ਖੇਡ ਚੁੱਕੇ
ਦੱਸ ਦੇਈਏ ਸਰੇਸ਼ ਕੁਮਾਰ ਸਾਲ 1990-91 ਵਿੱਚ ਅੰਡਰ -19 ਟੀਮ ਦਾ ਹਿੱਸਾ ਸੀ । ਰਾਹੁਲ ਦ੍ਰਵਿੜ ਉਨ੍ਹਾਂ ਦਿਨਾਂ ਵਿੱਚ ਟੀਮ ਦੇ ਕਪਤਾਨ ਸੀ। ਸੁਰੇਸ਼ ਨੇ ਅੰਡਰ-19 ਟੀਮ ਦਾ ਮੈਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਨ੍ਹਾਂ ਦਿਨਾਂ ਵਿੱਚ ਨਿਊਜ਼ੀਲੈਂਡ ਦੀ ਟੀਮ ਵਿੱਚ ਸਟੀਫਨ ਫਲੇਮਿੰਗ ਅਤੇ ਡੀਓਨ ਨੈਸ਼ ਵਰਗੇ ਵੱਡੇ ਸਟਾਰ ਖਿਡਾਰੀ ਸਨ।