Hardik Pandya Heroics Help: ਭਾਰਤ ਨੇ ਦੂਜੇ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਟੀ-20 ਸੀਰੀਜ਼ ਆਪਣੇ ਨਾਮ ਕਰ ਲਈ ਹੈ । ਇਸ ਦੇ ਨਾਲ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਹਾਸਿਲ ਕਰ ਲਈ ਹੈ । ਹਾਰਦਿਕ ਪਾਂਡਿਆ ਨੇ 22 ਗੇਂਦਾਂ ਵਿੱਚ 42 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤੀ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ । ਉਨ੍ਹਾਂ ਨੇ ਆਪਣੀ ਇਸ ਪਾਰੀ ਦੌਰਾਨ 3 ਚੌਕੇ ਅਤੇ 2 ਛੱਕੇ ਲਗਾਏ । ਪਾਂਡਿਆ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਮੈਨ ਆਫ ਦਿ ਮੈਚ ਦਾ ਅਵਾਰਡ ਵੀ ਦਿੱਤਾ ਗਿਆ।
ਮੈਚ ਦੌਰਾਨ ਪਾਂਡਿਆ ਨੇ ਆਪਣਾ ਬੈਟ ਬਦਲਿਆ ਅਤੇ ਉਸ ਤੋਂ ਬਾਅਦ ਉਸਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਦੀ ਜਮ ਕੇ ਕਲਾਸ ਲਗਾਈ। 19ਵੇਂ ਓਵਰ ਵਿੱਚ ਪਾਂਡਿਆ ਨੇ ਐਂਡਰਿਊ ਟਾਈ ‘ਤੇ ਦੋ ਚੌਕੇ ਲਗਾਏ । ਆਖਰੀ ਓਵਰ ਵਿੱਚ ਭਾਰਤੀ ਟੀਮ ਨੂੰ ਜਿੱਤ ਲਈ 14 ਦੌੜਾਂ ਦੀ ਲੋੜ ਸੀ। ਪਾਂਡਿਆ ਨੇ ਪਹਿਲੀ ਗੇਂਦ ‘ਤੇ ਦੋ ਦੌੜਾਂ ਲਈਆਂ ਅਤੇ ਫਿਰ ਦੋ ਛੱਕੇ ਲਗਾਏ, ਜਿਸ ਨਾਲ ਭਾਰਤ ਨੂੰ ਦੋ ਗੇਂਦਾਂ ਰਹਿੰਦਿਆਂ ਹੀ ਜਿੱਤ ਹਾਸਿਲ ਹੋ ਗਈ।
ਦਰਅਸਲ, ਸਿਡਨੀ ਕ੍ਰਿਕਟ ਗ੍ਰਾਊਂਡ (SCG) ‘ਤੇ ਖੇਡੇ ਗਏ ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ । ਟੀਮ ਇੰਡੀਆ ਨੇ 195 ਦੌੜਾਂ ਦਾ ਪਿੱਛਾ ਕਰਦਿਆਂ 19.4 ਓਵਰਾਂ ਵਿੱਚ ਇਹ ਟੀਚਾ ਹਾਸਿਲ ਕਰ ਲਿਆ । ਪਾਂਡਿਆ ਤੋਂ ਇਲਾਵਾ ਕੇਐਲ ਰਾਹੁਲ ਨੇ 30, ਸ਼ਿਖਰ ਧਵਨ ਨੇ 52, ਵਿਰਾਟ ਕੋਹਲੀ ਨੇ 40, ਸੰਜੂ ਸੈਮਸਨ ਨੇ 15 ਅਤੇ ਸ਼੍ਰੇਅਸ ਅਈਅਰ ਨੇ ਨਾਬਾਦ 12 ਦੌੜਾਂ ਦਾ ਯੋਗਦਾਨ ਦਿੱਤਾ । ਆਸਟ੍ਰੇਲੀਆ ਲਈ ਡੈਨੀਅਲ ਸੈਮਜ਼, ਐਂਡਰਿਊ ਟਾਈ, ਮਿਸ਼ੇਲ ਸਵੈਪਸਨ ਅਤੇ ਐਡਮ ਜੈਂਪਾ ਨੇ 1-1 ਵਿਕਟ ਹਾਸਿਲ ਕੀਤੀ ।
ਦੱਸ ਦੇਈਏ ਕਿ ਆਸਟ੍ਰੇਲੀਆ ਲਈ ਮੈਥਿਊ ਵੇਡ ਨੇ 32 ਗੇਂਦਾਂ ‘ਤੇ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਇਸ ਪਾਰੀ ਦੌਰਾਨ ਉਸਨੇ 10 ਚੌਕੇ ਅਤੇ 1 ਛੱਕਾ ਲਗਾਇਆ । ਉਸ ਤੋਂ ਇਲਾਵਾ ਡੀਆਰਕੀ ਸਕੋਟ ਨੇ 9, ਸਮਿੱਥ ਨੇ 46, ਗਲੇਨ ਮੈਕਸਵੈਲ ਨੇ 22, ਮੋਇਸਿਸ ਹੈਨਰੀਕਸ ਨੇ 26 ਦੌੜਾਂ ਬਣਾਈਆਂ, ਜਦੋਂ ਕਿ ਮਾਰਕਸ ਸਟੋਨੀਸ ਨੇ ਨਾਬਾਦ 16 ਅਤੇ ਡੇਨੀਅਲ ਸੈਮਜ਼ ਨੇ ਨਾਬਾਦ 8 ਦੌੜਾਂ ਬਣਾਈਆਂ । ਭਾਰਤ ਵੱਲੋਂ ਟੀ ਨਟਰਾਜਨ ਨੇ ਸਭ ਤੋਂ ਵੱਧ 2, ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ ਨੇ 1-1 ਵਿਕਟ ਲਈ ।
ਇਹ ਵੀ ਦੇਖੋ: ਬੁਜ਼ਰਗਾਂ ਦੇ ਕਿਵੇਂ ਠੰਢ ਚ ਵੀ ਹੌਸਲੇ ਬੁਲੰਦ ,ਦੇਖੋ ਕਿਸਾਨ ਅੰਦੋਲਨ ਦੀਆਂ ੜਕਸਾਰ ਦੀ ਤਸਵੀਰਾਂ