ਭਾਰਤ ਅਤੇ ਬੰਗਲਾਦੇਸ਼ ਦੀ ਮਹਿਲਾ ਟੀਮ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਖੇਡਿਆ ਗਿਆ । ਇਸ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਵਿਕਟਾਂ ਨਾਲ ਜਿੱਤ ਦਰਜ ਕੀਤੀ । ਇਸ ਜਿੱਤ ਵਿੱਚ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਨੇ ਅਹਿਮ ਯੋਗਦਾਨ ਦਿੱਤਾ। ਸ਼ੁਰੂਆਤੀ ਵਿਕਟ ਡਿੱਗਣ ਤੋਂ ਬਾਅਦ ਉਹ ਕ੍ਰੀਜ਼ ‘ਤੇ ਗਈ ਅਤੇ ਸ਼ਾਨਦਾਰ ਪਾਰੀ ਖੇਡਦੇ ਹੋਏ 35 ਗੇਂਦਾਂ ਵਿੱਚ 54 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਵਾਪਸੀ ਕੀਤੀ । ਇਸ ਪਾਰੀ ਦੇ ਚੱਲਦਿਆਂ ਹਰਮਨਪ੍ਰੀਤ ਨੂੰ ਪਲੇਅਰ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ । ਇਸ ਨਾਲ ਉਸ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਲਗਾਤਾਰ ਨਵੇਂ-ਨਵੇਂ ਮੁਕਾਮ ਹਾਸਿਲ ਕਰ ਰਹੀ ਹੈ । ਅਜਿਹੇ ਵਿੱਚ ਐਤਵਾਰ ਨੂੰ ਉਸ ਨੇ ਕਪਤਾਨ ਦੇ ਤੌਰ ‘ਤੇ 6ਵੀਂ ਵਾਰ ਪਲੇਅਰ ਆਫ ਦ ਮੈਚ ਦਾ ਐਵਾਰਡ ਆਪਣੇ ਨਾਮ ਕੀਤਾ । ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਇਸ ਮੈਚ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਰੋਹਿਤ ਸ਼ਰਮਾ ਨਾਲ ਸਾਂਝੇ ਤੌਰ ‘ਤੇ ਪਹਿਲੇ ਨੰਬਰ ‘ਤੇ ਸੀ । ਦੋਵਾਂ ਨੇ ਕਪਤਾਨ ਦੇ ਤੌਰ ‘ਤੇ ਆਪਣੇ ਟੀ-20 ਕਰੀਅਰ ਦੌਰਾਨ 5-5 ਪਲੇਅਰ ਆਫ ਦ ਮੈਚ ਐਵਾਰਡ ਜਿੱਤੇ ਸਨ, ਪਰ ਹਰਮਨਪ੍ਰੀਤ ਕੌਰ ਨੇ ਹੁਣ ਰੋਹਿਤ ਸ਼ਰਮਾ ਨੂੰ ਪਛਾੜ ਕੇ ਬੰਗਲਾਦੇਸ਼ ਖਿਲਾਫ ਇੱਕ ਹੋਰ ਐਵਾਰਡ ਜਿੱਤ ਕੇ ਅੱਗੇ ਨਿਕਲ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ
ਦੱਸ ਦੇਈਏ ਕਿ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਪਹਿਲਾਂ ਖੇਡਦਿਆਂ ਬੰਗਲਾਦੇਸ਼ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 114 ਦੌੜਾਂ ਬਣਾਈਆਂ ਸਨ । 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਪਹਿਲੇ ਹੀ ਓਵਰ ਵਿੱਚ ਸ਼ੈਫਾਲੀ ਵਰਮਾ ਦੇ ਰੂਪ ਵਿੱਚ ਵੱਡਾ ਝਟਕਾ ਲੱਗਿਆ ਸੀ । ਹਾਲਾਂਕਿ ਬਾਅਦ ਵਿੱਚ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਵੱਲ ਲੈ ਗਈ।
ਵੀਡੀਓ ਲਈ ਕਲਿੱਕ ਕਰੋ -: