ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ICC ਨੇ ਟੈਸਟ ਵਿੱਚ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ । ICC ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਅਨੁਸਾਰ ਭਾਰਤ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਨੂੰ ਬਹੁਤ ਫਾਇਦਾ ਹੋਇਆ ਹੈ। ਫਾਈਨਲ ਵਿੱਚ 89 ਅਤੇ 46 ਦੌੜਾਂ ਬਣਾਉਣ ਵਾਲੇ ਰਹਾਣੇ 37ਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਸ ਭਾਰਤੀ ਬੱਲੇਬਾਜ਼ ਦੀ 16 ਮਹੀਨਿਆਂ ਬਾਅਦ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ। ਉਸ ਨੇ ਫਾਈਨਲ ਵਿੱਚ ਚੰਗੀ ਬੱਲੇਬਾਜ਼ੀ ਕੀਤੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।
ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਚੋਟੀ ਦੇ ਤਿੰਨਾਂ ਸਥਾਨਾਂ ’ਤੇ ਆਸਟ੍ਰੇਲੀਆਈ ਖਿਡਾਰੀਆਂ ਦਾ ਕਬਜ਼ਾ ਹੈ। ਮਾਰਨਸ਼ ਲਾਬੂਸ਼ੇਨ ਪਹਿਲੇ, ਸਟੀਵ ਸਮਿਥ ਦੂਜੇ ਅਤੇ ਟ੍ਰੈਵਿਸ ਹੈੱਡ ਤੀਜੇ ਸਥਾਨ ‘ਤੇ ਹਨ । ਇੱਕ ਹੀ ਦੇਸ਼ ਦੇ ਤਿੰਨ ਖਿਡਾਰੀ ਟਾਪ-3 ਵਿੱਚ 1984 ਤੋਂ ਬਾਅਦ ਹਨ। ਉਦੋਂ ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਿਜ ਪਹਿਲੇ, ਕਲਾਈਵ ਲੋਇਡ ਦੂਜੇ ਅਤੇ ਲੈਰੀ ਗੋਮੇਜ਼ ਤੀਜੇ ਸਥਾਨ ‘ਤੇ ਸਨ।ਰਹਾਣੇ ਤੋਂ ਇਲਾਵਾ ਸ਼ਾਰਦੁਲ ਠਾਕੁਰ ਨੂੰ ਵੀ ਰੈਂਕਿੰਗ ਵਿੱਚ ਫਾਇਦਾ ਹੋਇਆ ਹੈ। ਸ਼ਾਰਦੁਲ ਨੇ ਫਾਈਨਲ ਵਿੱਚ ਅਰਧ ਸੈਂਕੜਾ ਲਗਾਇਆ ਸੀ। ਉਹ ਹੁਣ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ 94ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਫਾਈਨਲ ਵਿੱਚ ਨਾ ਖੇਡਣ ਦੇ ਬਾਵਜੂਦ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਬਰਕਰਾਰ ਹੈ।
ਇਹ ਵੀ ਪੜ੍ਹੋ: ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ, ਦੁਪਹਿਰ ਤੱਕ ਜਖੌ ਬੰਦਰਗਾਹ ਨਾਲ ਟਕਰਾਏਗਾ
ਦੱਸ ਦੇਈਏ ਕਿ ਕਾਰ ਦੁਰਘਟਨਾ ਤੋਂ ਬਾਅਦ ਵਾਪਸੀ ਕਰਨ ਲਈ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਪਸੀਨਾ ਵਹਾਉਣ ਵਾਲੇ ਰਿਸ਼ਭ ਪੰਤ ਟਾਪ-10 ਵਿੱਚ ਸ਼ਾਮਲ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਉਹ 10ਵੇਂ ਸਥਾਨ ‘ਤੇ ਹੈ। ਕਪਤਾਨ ਰੋਹਿਤ ਸ਼ਰਮਾ 12ਵੇਂ ਅਤੇ ਵਿਰਾਟ ਕੋਹਲੀ 13ਵੇਂ ਨੰਬਰ ‘ਤੇ ਹਨ। ਤਜਰਬੇਕਾਰ ਆਫ ਸਪਿਨਰ ਅਸ਼ਵਿਨ ਭਾਰਤੀ ਪਲੇਇੰਗ ਇਲੈਵਨ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਚੋਟੀ ਦਾ ਦਰਜਾ ਪ੍ਰਾਪਤ ਟੈਸਟ ਗੇਂਦਬਾਜ਼ ਬਣਿਆ ਹੋਇਆ ਹੈ। ਉਸ ਦੇ ਸਾਥੀ ਸਪਿਨਰ ਰਵਿੰਦਰ ਜਡੇਜਾ ਨੌਵੇਂ ਸਥਾਨ ‘ਤੇ ਰਹੇ । ਹਾਲਾਂਕਿ ਜ਼ਖਮੀ ਜਸਪ੍ਰੀਤ ਬੁਮਰਾਹ ਦੋ ਸਥਾਨ ਹੇਠਾਂ ਅੱਠਵੇਂ ਸਥਾਨ ‘ਤੇ ਆ ਗਿਆ ਹੈ । ਬੁਮਰਾਹ ਨੇ ਆਖਰੀ ਵਾਰ ਜੁਲਾਈ 2022 ਵਿੱਚ ਟੈਸਟ ਮੈਚ ਖੇਡਿਆ ਸੀ।
ਵੀਡੀਓ ਲਈ ਕਲਿੱਕ ਕਰੋ -: