ਟੀਮ ਇੰਡੀਆ ਨੇ 5ਵੀਂ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਖਿਤਾਬ ‘ਤੇ ਕਬਜ਼ਾ ਕੀਤਾ ਹੈ । ਭਾਰਤ ਨੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਮਾਤ ਦਿੱਤੀ । ਭਾਰਤ ਲਈ ਨਿਸ਼ਾਂਤ ਸੰਧੂ ਨੇ ਨਾਬਾਦ ਅਰਧ ਸੈਂਕੜਾ ਜੜਿਆ। ਉਸ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਖ਼ਿਤਾਬੀ ਮੈਚ ਜਿੱਤ ਹਾਸਿਲ ਕੀਤੀ । ਨਿਸ਼ਾਂਤ ਦੇ ਨਾਲ-ਨਾਲ ਸ਼ੇਖ ਰਾਸ਼ਿਦ ਨੇ ਵੀ ਅਰਧ ਸੈਂਕੜਾ ਲਗਾਇਆ । ਜਦਕਿ ਰਾਜ ਬਾਵਾ ਨੇ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਲਈਆਂ । ਇਸ ਤੋਂ ਪਹਿਲਾਂ ਭਾਰਤ ਨੇ ਸਾਲ 2000, 2008, 2012 ਅਤੇ 2018 ਵਿੱਚ ਵੀ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ।
ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 44.5 ਓਵਰਾਂ ਵਿੱਚ ਆਲ ਆਊਟ ਹੋਣ ਤੱਕ 189 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਭਾਰਤੀ ਟੀਮ ਨੇ 47.4 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਿਲ ਕਰ ਲਿਆ । ਭਾਰਤ ਦੇ ਲਈ ਨਿਸ਼ਾਂਤ ਸੰਧੂ ਨੇ ਸ਼ਾਨਦਾਰ ਪਾਰੀ ਖੇਡੀ ।
ਇਹ ਵੀ ਪੜ੍ਹੋ: ਕਿਲ੍ਹਾ ਰਾਏਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਖੰਗੂੜਾ ‘ਆਪ’ ‘ਚ ਸ਼ਾਮਲ
ਉਸ ਦੀ ਪਾਰੀ ਦੀ ਬਦੌਲਤ ਭਾਰਤ ਨੇ ਜਿੱਤ ਹਾਸਿਲ ਕੀਤੀ । ਸੰਧੂ ਨੇ 54 ਗੇਂਦਾਂ ‘ਤੇ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 50 ਦੌੜਾਂ ਬਣਾਈਆਂ । ਜਦੋਂ ਕਿ ਅੰਤ ਵਿੱਚ ਦਿਨੇਸ਼ ਬਾਨਾ ਨੇ 5 ਗੇਂਦਾਂ ਵਿੱਚ ਨਾਬਾਦ 13 ਦੌੜਾਂ ਬਣਾ ਕੇ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਉਸ ਨੇ ਦੋ ਛੱਕੇ ਵੀ ਲਾਏ। ਬਾਨਾ ਨੇ ਇਸ ਮੁਕਾਬਲੇ ਵਿੱਚ ਠੀਕ ਉਸੇ ਤਰ੍ਹਾਂ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ, ਜਿਸ ਤਰ੍ਹਾਂ 2011 ਦੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਹਿੰਦਰ ਸਿੰਘ ਧੋਨੀ ਨੇ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਅਤੇ ਲਗਾਤਾਰ 6 ਮੁਕਾਬਲੇ ਜਿੱਤ ਕੇ ਚੈਂਪੀਅਨ ਬਣੀ। ਪਹਿਲੇ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾਇਆ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਇਰਲੈਂਡ ਨੂੰ 174 ਦੌੜਾਂ ਤੇ ਯੂਗਾਂਡਾ ਨੂੰ 326 ਦੌੜਾਂ ਨਾਲ ਹਰਾਇਆ। ਇਸ ਤੋਂ ਬਾਅਦ ਕੁਆਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਮਾਤ ਦਿੱਤੀ। ਸੈਮੀਫਾਈਨਲ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਹਰਾਇਆ। ਹੁਣ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਚੈਂਪੀਅਨ ਬਣ ਕੇ ਦੇਸ਼ ਦਾ ਮਾਣ ਵਧਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: