Ind vs aus 3rd test : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਦਾ ਪਹਿਲਾ ਦਿਨ ਮੇਜ਼ਬਾਨ ਆਸਟ੍ਰੇਲੀਆ ਦੇ ਨਾਮ ਰਿਹਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਦੋ ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਹਨ। ਮਾਰਨਸ ਲੈਬੂਸ਼ਨ 67* ਅਤੇ ਸਟੀਵ ਸਮਿਥ 31* ਦੌੜਾਂ ਬਣਾ ਕੇ ਕਰੀਜ਼ ਉੱਤੇ ਹਨ। ਹਾਲਾਂਕਿ, ਮੀਂਹ ਕਾਰਨ ਪਹਿਲੇ ਦਿਨ ਸਿਰਫ 55 ਓਵਰਾਂ ਦਾ ਮੈਚ ਹੀ ਖੇਡਿਆ ਜਾ ਸਕਿਆ। ਭਾਰਤ ਲਈ ਡੈਬਿਊ ਮੈਨ ਨਵਦੀਪ ਸੈਣੀ ਅਤੇ ਮੁਹੰਮਦ ਸਿਰਾਜ ਨੇ ਇੱਕ-ਇੱਕ ਵਿਕਟ ਲਈ ਹੈ।
ਅੱਜ ਦੂਜੇ ਸੈਸ਼ਨ ਦੀ ਖੇਡ ਵੀ ਨਿਰਧਾਰਤ ਸਮੇਂ ਤੇ ਸ਼ੁਰੂ ਨਹੀਂ ਹੋ ਸਕੀ ਸੀ। ਮੈਦਾਨ ਵੀ ਕਾਫ਼ੀ ਗਿੱਲਾ ਸੀ। ਜਦੋਂ ਖੇਡ ਸ਼ੁਰੂ ਹੋਈ, ਪੁਕੋਵਸਕੀ ਅਤੇ ਲੈਬੂਸ਼ਨ ਨੇ ਧਿਆਨ ਨਾਲ ਖੇਡਦਿਆਂ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ। ਇਸ ਦੌਰਾਨ, ਪੁਕੋਵਸਕੀ ਵੀ ਚਾਰ ਵਾਰ ਆਊਟ ਹੋਣ ਤੋਂ ਬਚੇ। ਪੰਤ ਨੇ ਦੋ ਵਾਰ ਉਸ ਦਾ ਕੈਚ ਛੱਡ ਦਿੱਤਾ ਸੀ। ਹਾਲਾਂਕਿ ਡੈਬਿਊ ਮੈਨ ਪੁਕੋਵਸਕੀ ਨੇ 110 ਗੇਂਦਾਂ ‘ਤੇ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ। ਇਸ ਅਰਧ ਸੈਂਕੜੇ ਦੀ ਪਾਰੀ ਵਿੱਚ ਉਸਨੇ ਚਾਰ ਚੌਕੇ ਜੜੇ ਹਨ। ਇਸ ਤੋਂ ਇਲਾਵਾ ਉਸ ਨੇ ਦੂਜੀ ਵਿਕਟ ਲਈ ਲੈਬੂਸ਼ਨ ਨਾਲ 100 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।