IND vs ENG 2021: ਭਾਰਤ ਅਤੇ ਇੰਗਲੈਂਡ ਵਿਚਾਲੇ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੀ ਗਈ ਵਨਡੇ ਸੀਰੀਜ਼ ਦੇ ਫਾਈਨਲ ਮੈਚ ਵਿੱਚ ਟੀਮ ਇੰਡੀਆ ਨੇ ਸੱਤ ਦੌੜਾਂ ਨਾਲ ਜਿੱਤ ਹਾਸਿਲ ਕੀਤੀ। ਇਸ ਦੇ ਨਾਲ ਹੀ ਵਿਰਾਟ ਬ੍ਰਿਗੇਡ ਨੇ ਵਨਡੇ ਸੀਰੀਜ਼ ਵੀ ਆਪਣੇ ਨਾਮ ਕਰ ਲਈ । ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਅਤੇ ਪੰਜ ਮੈਚਾਂ ਦੀ ਟੀ-20 ਸੀਰੀਜ਼ 3-2 ਨਾਲ ਜਿੱਤੀ ਸੀ।
7 ਦੌੜਾਂ ਨਾਲ ਜਿੱਤਿਆ ਫ਼ੈਸਲਾਕੁੰਨ ਮੁਕਾਬਲਾ
ਭਾਰਤ ਨੇ ਤੀਜੇ ਮੈਚ ਵਿੱਚ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 48.2 ਓਵਰਾਂ ਵਿੱਚ 329 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਇੰਗਲਿਸ਼ ਟੀਮ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 322 ਦੌੜਾਂ ਹੀ ਬਣਾ ਸਕੀ । ਇੰਗਲੈਂਡ ਲਈ ਨੌਜਵਾਨ ਆਲਰਾਊਂਡਰ ਸੈਮ ਕੁਰੇਨ ਨੇ ਸਭ ਤੋਂ ਜ਼ਿਆਦਾ 95 ਨਾਬਾਦ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ਾਰਦੂਲ ਠਾਕੁਰ ਨੇ ਭਾਰਤ ਲਈ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 9 ਚੌਕੇ ਅਤੇ 3 ਛੱਕੇ ਨਿਕਲੇ । ਸੈਮ ਦੀ ਇਸ ਜੁਝਾਰੂ ਪਾਰੀ ਲਈ ਉਸਨੂੰ ਮੈਨ ਆਫ ਦਿ ਮੈਚ ਵੀ ਮਿਲਿਆ। ਉੱਥੇ ਹੀ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਜੋਨੀ ਬੇਅਰਸਟੋ ਨੂੰ ਮੈਨ ਆਫ ਦਿ ਸੀਰੀਜ਼ ਦਾ ਅਵਾਰਡ ਮਿਲਿਆ। ਉਸਨੇ ਤਿੰਨ ਮੈਚਾਂ ਵਿੱਚ 73.00 ਦੀ ਔਸਤ ਅਤੇ 120.33 ਦੀ ਸਟ੍ਰਾਈਕ ਰੇਟ ਨਾਲ 219 ਦੌੜਾਂ ਬਣਾਈਆਂ ।
ਬੇਹੱਦ ਰੋਮਾਂਚਕ ਰਿਹਾ ਮੁਕਾਬਲਾ
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਆਖਰੀ ਵਨਡੇ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਤੂਫਾਨੀ ਸ਼ੁਰੂਆਤ ਦਿੱਤੀ । ਇੱਕ ਸਮਾਂ ਅਜਿਹਾ ਲੱਗਦਾ ਸੀ ਜਿਵੇਂ ਅੱਜ ਭਾਰਤ 400 ਦੌੜਾਂ ਬਣਾ ਸਕਦਾ ਹੈ, ਪਰ 15ਵੇਂ ਓਵਰ ਵਿੱਚ 104 ਦੌੜਾਂ ਦੇ ਸਕੋਰ ‘ਤੇ ਭਾਰਤ ਨੂੰ ਆਪਣਾ ਪਹਿਲਾ ਝਟਕਾ ਲੱਗਿਆ । ਰੋਹਿਤ ਸ਼ਰਮਾ 37 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ । ਇਸ ਤੋਂ ਬਾਅਦ, ਭਾਰਤ ਨੇ 121 ਦੌੜਾਂ ‘ਤੇ ਆਪਣੀਆਂ ਤਿੰਨ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਇਸ ਦੌਰਾਨ ਧਵਨ (56 ਗੇਂਦਾਂ 67 ਦੌੜਾਂ) ਅਤੇ ਵਿਰਾਟ ਕੋਹਲੀ (07) ਵੀ ਪਵੇਲੀਅਨ ਪਰਤ ਗਏ । ਜਿਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਮੁਸ਼ਕਿਲ ਨਾਲ 270 ਤੋਂ 280 ਦੌੜਾਂ ਬਣਾ ਸਕੇਗਾ, ਪਰ ਫਿਰ ਰਿਸ਼ਭ ਪੰਤ ਨੇ ਕਾਊਂਟਰ ਹਮਲਾ ਕਰ ਦਿੱਤਾ। ਪੰਤ ਨੇ 62 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ । ਉਸਨੇ 44 ਗੇਂਦਾਂ ਵਿੱਚ 64 ਦੌੜਾਂ ਬਣਾਈਆਂ । ਇਸਦੇ ਬਾਅਦ ਸ਼ਾਰਦੂਲ ਠਾਕੁਰ ਨੇ ਤਿੰਨ ਛੱਕਿਆਂ ਦੀ ਮਦਦ ਨਾਲ 21 ਗੇਂਦਾਂ ਵਿੱਚ 30 ਦੌੜਾਂ ਦੀ ਇੱਕ ਮਹੱਤਵਪੂਰਣ ਪਾਰੀ ਖੇਡੀ, ਜਿਸ ਨਾਲ ਟੀਮ ਦਾ ਸਕੋਰ 300 ਹੋ ਗਿਆ । ਭਾਰਤ ਦੀ ਪਾਰੀ 48.2 ਓਵਰਾਂ ਵਿੱਚ 329 ਦੌੜਾਂ ’ਤੇ ਸਿਮਟ ਗਈ ।
ਫਲਾਪ ਰਹੇ ਰਾਏ ਤੇ ਬੇਅਰਸਟੋ
ਉੱਥੇ ਹੀ ਦੂਜੇ ਪਾਸੇ ਜੇਸਨ ਰਾਏ ਨੇ ਭਾਰਤ ਵੱਲੋਂ ਮਿਲੇ 330 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲਿਸ਼ ਟੀਮ ਨੂੰ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ । ਉਸਨੇ ਭੁਵਨੇਸ਼ਵਰ ਕੁਮਾਰ ਦੀਆਂ ਪਹਿਲੀਆਂ ਪੰਜ ਗੇਂਦਾਂ ਵਿੱਚ 14 ਦੌੜਾਂ ਬਣਾਈਆਂ ਪਰ ਆਖਰੀ ਗੇਂਦ ’ਤੇ ਬੋਲਡ ਹੋ ਗਿਆ । ਇਸ ਤੋਂ ਬਾਅਦ, ਜੌਨੀ ਬੇਅਰਸਟੋ ਜੋ ਸ਼ਾਨਦਾਰ ਫਾਰਮ ਵਿੱਚ ਚੱਲ ਰਿਹਾ ਸੀ, ਨੇ ਵੀ ਇੱਕ ਦੌੜ ਬਣਾਈ ਤੇ ਆਉਟ ਹੋ ਗਿਆ। ਇੰਗਲੈਂਡ ਨੇ ਆਪਣੀਆਂ ਚਾਰ ਵਿਕਟਾਂ 95 ਦੌੜਾਂ ‘ਤੇ ਗੁਆ ਦਿੱਤੀ ਆਂ। ਇਸ ਦੌਰਾਨ ਬੇਨ ਸਟੋਕਸ (35) ਅਤੇ ਜੋਸ ਬਟਲਰ (15) ਵੀ ਪਵੇਲੀਅਨ ਪਰਤ ਗਏ । ਜਿਸ ਤੋਂ ਬਾਅਦ ਸਾਰੀ ਜਿੰਮੇਵਾਰੀ ਡੇਵਿਡ ਮਾਲਨ ਅਤੇ ਲੀਅਮ ਲਿਵਿੰਗਸਟੋਨ ਨੂੰ ਲੈਣੀ ਪਈ। ਇਨ੍ਹਾਂ ਦੋਵਾਂ ਨੇ ਪੰਜਵੇਂ ਵਿਕਟ ਲਈ 60 ਦੌੜਾਂ ਜੋੜੀਆਂ। ਮਾਲਾਨ ਨੇ 50 ਅਤੇ ਲਿਵਿੰਗਸਟੋਨ ਨੇ 36 ਦੌੜਾਂ ਬਣਾਈਆਂ।
ਇਹ ਵੀ ਦੇਖੋ: ਭਾਜਪਾ ਆਗੂ ਨੇ ਪੱਤਰਕਾਰ ਨੂੰ ਕਿਹਾ “ਮਾਲਵੇ ਦਾ ਪੇਂਡੂ”! ਕਹਿੰਦਾ “ਬੰਦ ਕਰਨ ਵਾਲਿਆਂ ਦੇ ਮਾਰੋ ਛਿੱਤਰ”