ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਬਰਮਿੰਘਮ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾ ਦਿੱਤਾ । ਟੀਮ ਇੰਡੀਆ ਨੇ ਇਸ ਜਿੱਤ ਦੇ ਨਾਲ ਹੀ 3 ਮੈਚਾਂ ਦੀ ਸੀਰੀਜ਼ ਵਿੱਚ 0-2 ਦੀ ਅਜੇਤੂ ਬੜ੍ਹਤ ਬਣਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 171 ਦੌੜਾਂ ਦਾ ਟੀਚਾ ਦਿੱਤਾ । ਇਸਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 121 ਦੌੜਾਂ ‘ਤੇ ਸਿਮਟ ਗਈ । ਇਸ ਦੌਰਾਨ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਦਕਿ ਰਵਿੰਦਰ ਜਡੇਜਾ ਨੇ ਬੱਲੇਬਾਜ਼ੀ ਵਿੱਚ ਆਪਮਾ ਕਮਾਲ ਦਿਖਾਇਆ।
ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਲਈ ਜੇਸਨ ਰਾਏ ਅਤੇ ਜੋਸ ਬਟਲਰ ਓਪਨਿੰਗ ਕਰਨ ਆਏ । ਇਸ ਦੌਰਾਨ ਰਾਏ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ, ਜਦਕਿ ਬਟਲਰ 4 ਦੌੜਾਂ ਬਣਾ ਕੇ ਆਊਟ ਹੋ ਗਿਆ । ਡੇਵਿਡ ਮਲਾਨ ਨੇ 19 ਦੌੜਾਂ ਦੀ ਪਾਰੀ ਖੇਡੀ । ਉਨ੍ਹਾਂ ਨੇ 25 ਗੇਂਦਾਂ ਵਿੱਚ 2 ਚੌਕੇ ਲਗਾਏ । ਲਿਆਮ ਲਿਵਿੰਗਸਟੋਨ ਨੇ 15 ਦੌੜਾਂ ਬਣਾਈਆਂ । ਮੋਇਨ ਅਲੀ ਨੇ 21 ਗੇਂਦਾਂ ‘ਤੇ 35 ਦੌੜਾਂ ਬਣਾਈਆਂ । ਉਸ ਨੇ 3 ਚੌਕੇ ਅਤੇ 2 ਛੱਕੇ ਲਗਾਏ । ਸੈਮ ਕਰਨ 2 ਦੌੜਾਂ ਬਣਾ ਕੇ ਆਊਟ ਹੋਏ ਅਤੇ ਹੈਰੀ ਬਰੁਕ ਨੇ 8 ਦੌੜਾਂ ਬਣਾਈਆਂ । ਇਸ ਤਰ੍ਹਾਂ ਇੰਗਲੈਂਡ ਦੀ ਟੀਮ 17 ਓਵਰਾਂ ਵਿੱਚ 121 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ।
ਇਹ ਵੀ ਪੜ੍ਹੋ: ਸ਼੍ਰੀਲੰਕਾ ਸੰਕਟ : ਪ੍ਰਦਰਸ਼ਨਾਂ ਵਿਚਾਲੇ PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!
ਭੁਵਨੇਸ਼ਵਰ ਕੁਮਾਰ ਨੇ ਭਾਰਤੀ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ । ਉਸ ਨੇ 3 ਓਵਰਾਂ ਵਿੱਚ ਸਿਰਫ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਭੁਵੀ ਨੇ ਇੱਕ ਮੇਡਨ ਓਵਰ ਵੀ ਕੱਢਿਆ । ਜਸਪ੍ਰੀਤ ਬੁਮਰਾਹ ਨੇ 3 ਓਵਰਾਂ ਵਿੱਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ । ਉਸ ਨੇ ਵੀ ਇੱਕ ਮੇਡਨ ਓਵਰ ਕੱਢਿਆ। ਯੁਜਵੇਂਦਰ ਚਾਹਲ ਨੇ 2 ਓਵਰਾਂ ਵਿੱਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ । ਹਾਰਦਿਕ ਪੰਡਯਾ ਅਤੇ ਹਰਸ਼ਲ ਪਟੇਲ ਨੂੰ ਵੀ ਇੱਕ-ਇੱਕ ਸਫਲਤਾ ਮਿਲੀ।
ਦੱਸ ਦੇਈਏ ਕਿ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ । ਇਸ ਦੌਰਾਨ ਰਵਿੰਦਰ ਜਡੇਜਾ ਨੇ ਜ਼ਬਰਦਸਤ ਪਾਰੀ ਖੇਡੀ । ਉਸ ਨੇ 29 ਗੇਂਦਾਂ ‘ਤੇ ਨਾਬਾਦ 46 ਦੌੜਾਂ ਬਣਾਈਆਂ। ਜਡੇਜਾ ਦੀ ਪਾਰੀ ਵਿੱਚ 5 ਚੌਕੇ ਵੀ ਸ਼ਾਮਲ ਸਨ । ਰੋਹਿਤ ਸ਼ਰਮਾ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਉਨ੍ਹਾਂ ਨੇ 20 ਗੇਂਦਾਂ ਵਿੱਚ 3 ਚੌਕੇ ਅਤੇ 2 ਛੱਕੇ ਲਗਾਏ । ਰਿਸ਼ਭ ਪੰਤ 26 ਦੌੜਾਂ ਬਣਾ ਕੇ ਆਊਟ ਹੋ ਗਏ। ਪੰਤ ਨੇ 15 ਗੇਂਦਾਂ ਦਾ ਸਾਹਮਣਾ ਕਰਦੇ ਹੋਏ 4 ਚੌਕੇ ਅਤੇ 1 ਛੱਕਾ ਲਗਾਇਆ । ਹਾਰਦਿਕ ਪੰਡਯਾ 12 ਦੌੜਾਂ ਅਤੇ ਸੂਰਿਆਕੁਮਾਰ ਯਾਦਵ 15 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਵੀਡੀਓ ਲਈ ਕਲਿੱਕ ਕਰੋ -: