IND vs ENG 3rd T20: ਇੰਗਲੈਂਡ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ । ਇੰਗਲੈਂਡ ਨੂੰ ਭਾਰਤ ਵੱਲੋਂ 157 ਦੌੜਾਂ ਦੀ ਚੁਣੌਤੀ ਮਿਲੀ ਸੀ । ਇੰਗਲੈਂਡ ਨੇ ਇਹ ਟੀਚਾ 18.2 ਓਵਰਾਂ ਵਿੱਚ ਹਾਸਿਲ ਕਰ ਲਿਆ। ਇੰਗਲੈਂਡ ਦੇ ਸਟਾਰ ਖਿਡਾਰੀ ਜੋਸ ਬਟਲਰ ਨੇ 83 ਦੌੜਾਂ ਦੀ ਪਾਰੀ ਖੇਡੀ । ਇਸ ਦੇ ਨਾਲ ਹੀ ਇੰਗਲੈਂਡ ਨੇ ਇਸ ਸੀਰੀਜ਼ ਵਿੱਚ 2-1 ਦੀ ਬੜ੍ਹਤ ਹਾਸਿਲ ਕਰ ਲਈ ਹੈ।
ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਵਿਰਾਟ ਕੋਹਲੀ ਦੀ 77 ਦੌੜਾਂ ਦੀ ਮਜ਼ਬੂਤ ਪਾਰੀ ਦੀ ਬਦੌਲਤ 6 ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ ਬਣਾਈਆਂ । ਭਾਰਤ ਤੋਂ ਮਿਲੇ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਲਈ ਜੇਸਨ ਰਾਏ (9) ਅਤੇ ਬਟਲਰ ਨੇ ਇੰਗਲੈਂਡ ਲਈ ਪਹਿਲੇ ਵਿਕਟ ਲਈ 23 ਦੌੜਾਂ ਜੋੜੀਆਂ । ਇਸ ਤੋਂ ਬਾਅਦ ਰਾਏ ਆਊਟ ਹੋ ਗਏ । ਹਾਲਾਂਕਿ, ਬਟਲਰ ਨੇ ਡੇਵਿਡ ਮਾਲਨ (18) ਦੇ ਨਾਲ ਦੂਜੇ ਵਿਕਟ ਲਈ 39 ਗੇਂਦਾਂ ਵਿੱਚ 58 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਮਜ਼ਬੂਤ ਕੀਤਾ। ਮਲਾਨ ਨੇ 17 ਗੇਂਦਾਂ ਵਿੱਚ ਇੱਕ ਛੱਕਾ ਮਾਰਿਆ । ਮਲਾਨ ਦੇ ਆਊਟ ਹੋਣ ਤੋਂ ਬਾਅਦ ਬਟਲਰ ਨੇ ਜੋਨੀ ਬੇਅਰਸਟੋ (ਨਾਬਾਦ 40) ਦੇ ਨਾਲ ਤੀਜੇ ਵਿਕਟ ਲਈ 77 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਇੰਗਲੈਂਡ ਨੂੰ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।
ਇਸ ਮੁਕਾਬਲੇ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਪਹਿਲੇ ਛੇ ਓਵਰਾਂ ਦੇ ਪਾਵਰਪਲੇਅ ਵਿੱਚ 24 ਦੌੜਾਂ ਹੀ ਪਾਈ ਅਤੇ ਤਿੰਨ ਵਿਕਟਾਂ ਵੀ ਗੁਆ ਦਿੱਤੀਆਂ। ਇਨ੍ਹਾਂ ਤਿੰਨ ਵਿਕਟਾਂ ਵਿੱਚ ਲੋਕੇਸ਼ ਰਾਹੁਲ (0) ਲਗਾਤਾਰ ਦੂਜੀ ਵਾਰ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਿਹਾ, ਜਦੋਂਕਿ ਇਸ ਮੈਚ ਵਿੱਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ (15) ਅਤੇ ਪਿਛਲੇ ਮੈਚ ਵਿੱਚ ਅਰਧ ਸੈਂਕੜਾ ਜੜਨ ਵਾਲੇ ਈਸ਼ਾਨ ਕਿਸ਼ਨ (4) ਦੀ ਵਿਕਟ ਸ਼ਾਮਿਲ ਹੈ।
ਦੱਸ ਦੇਈਏ ਕਿ ਇਸ ਮੈਚ ਵਿੱਚ ਕੋਹਲੀ ਨੇ ਆਪਣੇ ਕਰੀਅਰ ਦਾ 27ਵਾਂ ਅਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ । ਉਨ੍ਹਾਂ ਨੇ 46 ਗੇਂਦਾਂ ਵਿੱਚ 8 ਚੌਕੇ ਅਤੇ 4 ਛੱਕੇ ਮਾਰੇ। ਪਾਂਡਿਆ ਨੇ 15 ਗੇਂਦਾਂ ਵਿੱਚ 2 ਛੱਕੇ ਮਾਰੇ । ਭਾਰਤ ਨੇ ਆਖਰੀ 10 ਓਵਰਾਂ ਵਿੱਚ 101 ਦੌੜਾਂ ਬਣਾਈਆਂ । ਇੰਗਲੈਂਡ ਲਈ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ 4 ਓਵਰਾਂ ਵਿੱਚ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਉਸ ਤੋਂ ਇਲਾਵਾ ਕ੍ਰਿਸ ਜਾਰਡਨ ਨੂੰ ਦੋ ਸਫਲਤਾਵਾਂ ਮਿਲੀਆਂ।
ਇਹ ਵੀ ਦੇਖੋ: ਕੈਪਟਨ ਨੂੰ ਵਾਅਦੇ ਯਾਦ ਕਰਾਉਣ ਲਈ ਬਦਾਮ ਲੈ ਕੇ ਆਏ ਮੁਲਾਜ਼ਮ, ਦੇਖ ਕੇ ਗੁੱਸੇ ਚ ਆਇਆ ਸਿੰਘ, ਪਾ ‘ਤਾ ਭੜਥੂ