IND vs ENG T20: ਭਾਰਤ ਅਤੇ ਇੰਗਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਪੰਜ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਪੂਰੀ ਤਰ੍ਹਾਂ ਇੱਕ ਪਾਸੜ ਸਾਬਿਤ ਹੋਇਆ ਅਤੇ ਮਹਿਮਾਨਾਂ ਦੀ ਟੀਮ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਜਿਸ ਕਾਰਨ ਪਹਿਲਾਂ ਖੇਡਣ ਲਈ ਮੈਦਾਨ ‘ਤੇ ਉਤਰੀ ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 124 ਦੌੜਾਂ ਬਣਾਈਆਂ । ਭਾਰਤੀ ਟੀਮ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿੱਚ ਇੰਗਲੈਂਡ ਨੇ 15.3 ਓਵਰਾਂ ਵਿੱਚ ਹੀ ਦੋ ਵਿਕਟਾਂ ਦੇ ਨੁਕਸਾਨ ‘ਤੇ ਇਹ ਟੀਚਾ ਹਾਸਿਲ ਕਰ ਲਿਆ। ਜਿਸਦੇ ਨਾਲ ਇੰਗਲੈਂਡ ਦੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਿਲ ਕਰ ਲਈ ਹੈ। ਇਸ ਸੀਰੀਜ਼ ਦਾ ਦੂਜਾ ਮੈਚ ਇਸ ਮੈਦਾਨ ‘ਤੇ 14 ਮਾਰਚ ਨੂੰ ਖੇਡਿਆ ਜਾਵੇਗਾ।
ਟੀਮ ਇੰਡੀਆ ਨੇ ਘਰੇਲੂ ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 130 ਦੌੜਾਂ ਤੋਂ ਘੱਟ ਦੌੜਾਂ ਬਣਾਉਂਦਿਆਂ ਕਦੇ ਵੀ ਜਿੱਤ ਹਾਸਿਲ ਨਹੀਂ ਕੀਤੀ । ਟੀਮ ਇੰਡੀਆ ਦੋ ਵਾਰ ਇੰਗਲੈਂਡ ਖਿਲਾਫ 130 ਦੌੜਾਂ ਤੱਕ ਨਹੀਂ ਪਹੁੰਚ ਸਕੀ ਹੈ । ਸ਼ੁੱਕਰਵਾਰ ਨੂੰ ਟਾਸ ਹਾਰ ਕੇ ਪਹਿਲਾਂ ਖੇਡਣ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਭਾਰਤੀ ਟੀਮ 20 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ। ਕੇਐਲ ਰਾਹੁਲ ਨੇ 1 ਤੇ ਸ਼ਿਖਰ ਧਵਨ ਨੇ 4 ਦੌੜਾਂ ਬਣਾਈਆਂ । ਕਪਤਾਨ ਵਿਰਾਟ ਕੋਹਲੀ ਖਾਤਾ ਨਹੀਂ ਖੋਲ੍ਹ ਸਕੇ । ਸ਼੍ਰੇਯ ਅਈਅਰ ਨੇ 67 ਦੌੜਾਂ ਬਣਾ ਕੇ ਟੀ-20 ਕਰੀਅਰ ਦੇ ਤੀਜੇ ਅਰਧ-ਸੈਂਕੜੇ ਨਾਲ ਟੀਮ ਦੀ ਕਮਾਨ ਸੰਭਾਲੀ । ਰਿਸ਼ਭ ਪੰਤ ਨੇ 21 ਅਤੇ ਹਾਰਦਿਕ ਪਾਂਡਿਆ ਨੇ 19 ਦੌੜਾਂ ਬਣਾਈਆਂ । ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । 8ਵਾਂ ਟੀ-20 ਮੈਚ ਖੇਡਣ ਵਾਲੇ ਆਰਚਰ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 29 ਦੌੜਾਂ ਦੇ ਕੇ ਦੋ ਵਿਕਟਾਂ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਕਸੀ ਹੋਈ ਗੇਂਦਬਾਜ਼ੀ ਕੀਤੀ। ਉਸਨੇ 3 ਓਵਰਾਂ ਵਿੱਚ ਸਿਰਫ 14 ਦੌੜਾਂ ਦਿੱਤੀਆਂ ਅਤੇ ਵਿਰਾਟ ਕੋਹਲੀ ਦੀ ਅਹਿਮ ਵਿਕਟ ਲਈ ।
ਇਸ ਦੇ ਜਵਾਬ ਵਿੱਚ ਮੈਦਾਨ ਵਿੱਚ ਉਤਰੀ ਇੰਗਲੈਂਡ ਦੀ ਟੀਮ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ (49) ਅਤੇ ਜੋਸ ਬਟਲਰ (28) ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ 8 ਓਵਰਾਂ ਵਿੱਚ 72 ਦੌੜਾਂ ਜੋੜੀਆਂ । 89 ਦੌੜਾਂ ‘ਤੇ ਦੋ ਵਿਕਟਾਂ ਗੁਆਉਣ ਦੇ ਬਾਅਦ ਜੌਨੀ ਬੇਅਰਸਟੋ ਨੇ ਨਾਬਾਦ 26 ਅਤੇ ਡੇਵਿਡ ਮਾਲਨ ਨੇ 24 ਦੌੜਾਂ ਬਣਾ ਕੇ ਜਿੱਤ ਪੱਕੀ ਕਰ ਦਿੱਤੀ। ਦੋਵਾਂ ਨੇ 41 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਵਿਕਟਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਖਿਲਾਫ ਟੀਮ ਇੰਡੀਆ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 2017 ਵਿੱਚ ਕਾਨਪੁਰ ਵਿੱਚ 7 ਵਿਕਟਾਂ ਨਾਲ ਹਾਰ ਮਿਲੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਟੈਸਟ ਸੀਰੀਜ਼ ਵਿੱਚ ਇੰਗਲੈਂਡ ਖਿਲਾਫ਼ 3-1 ਨਾਲ ਜਿੱਤ ਦਰਜ ਕੀਤੀ ਸੀ। ਪਰ ਇੰਗਲੈਂਡ ਦੀ ਟੀਮ ਟੀ-20 ਵਿੱਚ ਵਿਸ਼ਵ ਦੀ ਪਹਿਲੀ ਰੈਂਕਿੰਗ ‘ਤੇ ਹੈ। ਟੀਮ ਨੇ ਆਪਣੀ ਰੈਂਕਿੰਗ ਅਨੁਸਾਰ ਪ੍ਰਦਰਸ਼ਨ ਵੀ ਕੀਤਾ । ਕਪਤਾਨ ਵਿਰਾਟ ਕੋਹਲੀ ਲੰਬੇ ਸਮੇਂ ਤੋਂ ਸੈਂਕੜਾ ਨਹੀਂ ਲਗਾ ਸਕੇ ਹਨ । ਟੀਮ ਲਈ ਇਹ ਵੀ ਚਿੰਤਾ ਦਾ ਵਿਸ਼ਾ ਹੈ। ਇੰਗਲਿਸ਼ ਟੀਮ ਦੂਜੀ ਵਾਰ ਵਿਦੇਸ਼ ਵਿੱਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਖੇਡੀ ਪੰਜ ਮੈਚਾਂ ਦੀ ਸੀਰੀਜ਼ ਨੂੰ ਇੰਗਲਿਸ਼ ਟੀਮ ਨੇ 3-2 ਨਾਲ ਜਿੱਤਿਆ ਸੀ। ਟੀਮ ਉਹੀ ਪ੍ਰਦਰਸ਼ਨ ਦੁਬਾਰਾ ਦੁਹਰਾਉਣਾ ਚਾਹੇਗੀ।
ਇਹ ਵੀ ਦੇਖੋ: ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ