ਕੇਪਟਾਊਨ ਦੇ ਨਿਊਲੈਂਡਸ ਵਿੱਚ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ । ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਦਾ ਸਫਾਇਆ ਕਰ ਦਿੱਤਾ । ਦੱਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.5 ਓਵਰਾਂ ਵਿੱਚ 287 ਦੌੜਾਂ ਹੀ ਬਣਾ ਸਕੀ ਸੀ । ਜਵਾਬ ਵਿੱਚ ਭਾਰਤੀ ਟੀਮ 49.2 ਓਵਰਾਂ ਵਿੱਚ 283 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਮੇਜ਼ਬਾਨ ਟੀਮ ਨੇ ਇਹ ਮੈਚ ਚਾਰ ਦੌੜਾਂ ਨਾਲ ਜਿੱਤ ਲਿਆ । ਦੱਖਣੀ ਅਫਰੀਕਾ ਲਈ ਬੱਲੇਬਾਜ਼ੀ ਕਰਦੇ ਹੋਏ ਕਵਿੰਟਨ ਡੀ ਕਾਕ ਨੇ 124 ਦੌੜਾਂ ਬਣਾਈਆਂ । ਉੱਥੇ ਹੀ ਗੇਂਦਬਾਜ਼ੀ ਵਿੱਚ ਐਂਡੀਲੇ ਫੇਹਲੁਕਵਾਯੋ ਅਤੇ ਲੁੰਗੀ ਨਗਿਡੀ ਨੇ ਤਿੰਨ-ਤਿੰਨ ਵਿਕਟਾਂ ਲਈਆਂ ।
ਦੱਖਣੀ ਅਫਰੀਕਾ ਤੋਂ ਮਿਲੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇੱਕੋ ਸਮੇਂ 42.1 ਓਵਰਾਂ ਵਿੱਚ 223 ਦੌੜਾਂ ‘ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ । ਇਸ ਤੋਂ ਬਾਅਦ ਚਾਹਰ ਨੇ 34 ਗੇਂਦਾਂ ਵਿੱਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਮੈਚ ਨੂੰ ਭਾਰਤ ਦੇ ਪੱਖ ਵਿੱਚ ਮੋੜ ਦਿੱਤਾ । ਹਾਲਾਂਕਿ, ਜਦੋਂ ਭਾਰਤ ਨੂੰ ਜਿੱਤ ਲਈ 18 ਗੇਂਦਾਂ ਵਿੱਚ 10 ਦੌੜਾਂ ਦੀ ਲੋੜ ਸੀ, ਚਾਹਰ ਇੱਕ ਵੱਡਾ ਸ਼ਾਟ ਖੇਡਣ ਦੇ ਚੱਕਰ ਵਿੱਚ ਆਊਟ ਹੋ ਗਿਆ ਅਤੇ ਭਾਰਤ ਜਿੱਤਿਆ ਹੋਇਆ ਮੈਚ ਹਾਰ ਗਿਆ ।
ਇਹ ਵੀ ਪੜ੍ਹੋ: ਪੰਜਾਬ ‘ਚ ਸੋਮਵਾਰ ਵੀ ਪਏਗਾ ਮੀਂਹ, ਸ਼ਿਮਲਾ ‘ਚ ਬਰਫ਼ਬਾਰੀ, ਹਿਮਾਚਲ ਦੀਆਂ 629 ਸੜਕਾਂ ਜਾਮ
ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ । ਕਪਤਾਨ ਕੇਐੱਲ ਰਾਹੁਲ 18 ਦੌੜਾਂ ਦੇ ਕੁੱਲ ਸਕੋਰ ‘ਤੇ ਪੈਵੇਲੀਅਨ ਪਰਤ ਗਏ । ਉਨ੍ਹਾਂ ਨੇ 10 ਗੇਂਦਾਂ ਵਿੱਚ 9 ਦੌੜਾਂ ਬਣਾਈਆਂ । ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ ਸੀ। ਦੋਵਾਂ ਨੇ ਦੂਜੇ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ ।
ਸ਼ਿਖਰ ਧਵਨ 73 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 84 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ । ਇਸ ਤੋਂ ਬਾਅਦ ਰਿਸ਼ਭ ਪੰਤ ਜ਼ੀਰੋ ‘ਤੇ ਆਊਟ ਹੋ ਗਏ । ਸੂਰਿਆਕੁਮਾਰ ਯਾਦਵ ਅਤੇ ਸ਼੍ਰੇਅਸ ਅਈਅਰ ਨੂੰ ਚੰਗੀ ਸ਼ੁਰੂਆਤ ਮਿਲੀ, ਪਰ ਦੋਵੇਂ ਸੈੱਟ ਹੋਣ ਤੋਂ ਬਾਅਦ ਆਊਟ ਹੋ ਗਏ । ਅਈਅਰ ਨੇ 34 ਗੇਂਦਾਂ ਵਿੱਚ 26 ਅਤੇ ਸੂਰਿਆਕੁਮਾਰ ਨੇ 32 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 39 ਦੌੜਾਂ ਬਣਾਈਆਂ।
ਦੱਸ ਦੇਈਏ ਕਿ 43ਵੇਂ ਓਵਰ ਵਿੱਚ 223 ਦੌੜਾਂ ‘ਤੇ ਸੱਤ ਵਿਕਟਾਂ ਡਿੱਗਣ ਤੋਂ ਬਾਅਦ ਦੀਪਕ ਚਾਹਰ ਦੱਖਣੀ ਅਫਰੀਕੀ ਗੇਂਦਬਾਜ਼ਾਂ ‘ਤੇ ਟੁੱਟ ਪਏ । ਉਸ ਨੇ ਸਿਰਫ਼ 34 ਗੇਂਦਾਂ ਵਿੱਚ 54 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ । ਇਸ ਦੌਰਾਨ ਉਸ ਨੇ ਪੰਜ ਚੌਕੇ ਤੇ ਦੋ ਛੱਕੇ ਲਗਾਏ । ਹਾਲਾਂਕਿ ਜਦੋਂ ਟੀਮ ਇੰਡੀਆ ਨੂੰ 18 ਗੇਂਦਾਂ ਵਿੱਚ 10 ਦੌੜਾਂ ਦੀ ਲੋੜ ਸੀ ਤਾਂ ਚਾਹਰ ਆਊਟ ਹੋ ਗਏ ਅਤੇ ਫਿਰ ਭਾਰਤ ਜਿੱਤਿਆ ਮੈਚ ਹਾਰ ਗਿਆ । ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ 58 ਅਤੇ ਐਂਡੀਲੇ ਫੇਹਲੁਕਵਾਯੋ ਨੇ 40 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ ।
ਵੀਡੀਓ ਲਈ ਕਲਿੱਕ ਕਰੋ -: