ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਮਾਤ ਦਿੱਤੀ । ਇਸ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ । ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ ਨਿਰਧਾਰਤ ਓਵਰਾਂ ਵਿੱਚ 6 ਵਿਕਟਾਂ ‘ਤੇ 137 ਦੌੜਾਂ ਹੀ ਬਣਾ ਸਕੀ।
ਭਾਰਤ ਲਈ ਬੱਲੇਬਾਜ਼ੀ ਕਰਦਿਆਂ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 89 ਅਤੇ ਸ਼੍ਰੇਅਸ ਅਈਅਰ ਨੇ ਨਾਬਾਦ 57 ਦੌੜਾਂ ਬਣਾਈਆਂ । ਉੱਥੇ ਹੀ ਗੇਂਦਬਾਜ਼ੀ ਵਿੱਚ ਭੁਵਨੇਸ਼ਵਰ ਕੁਮਾਰ ਅਤੇ ਵੈਂਕਟੇਸ਼ ਅਈਅਰ ਨੇ ਦੋ-ਦੋ ਵਿਕਟਾਂ ਲਈਆਂ । ਇਸ ਦੇ ਨਾਲ ਹੀ ਸ਼੍ਰੀਲੰਕਾ ਲਈ ਚਰਿਥ ਅਸਾਲੰਕਾ ਨੇ ਨਾਬਾਦ 53 ਦੌੜਾਂ ਦੀ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ।
ਇਹ ਵੀ ਪੜ੍ਹੋ: Breaking : ਯੂਕਰੇਨ ‘ਚੋਂ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਕੱਢਿਆ ਜਾਏਗਾ, PM ਮੋਦੀ ਦਾ ਵੱਡਾ ਫ਼ੈਸਲਾ
ਇਸ ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਖੇਡਦਿਆਂ ਸ਼੍ਰੀਲੰਕਾ ਨੂੰ 200 ਦੌੜਾਂ ਦਾ ਟੀਚਾ ਦਿੱਤਾ ਸੀ । ਭਾਰਤ ਵੱਲੋਂ ਮਿਲੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਥਮ ਨਿਸਾਂਕਾ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਸੰਭਲ ਨਹੀਂ ਸਕੀ ਅਤੇ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆਉਂਦੀ ਰਹੀ । ਇਸ ਦੌਰਾਨ ਜੈਨੀਥ ਲਿਯੰਗੇ 11, ਕਮਿਲ ਮਿਸ਼ਰਾ 13 ਅਤੇ ਦਿਨੇਸ਼ ਚਾਂਦੀਮਲ 10 ਦੌੜਾਂ ਬਣਾ ਕੇ ਆਊਟ ਹੋ ਗਏ । ਹਾਲਾਂਕਿ ਚਰਿਥ ਅਸਾਲੰਕਾ ਇੱਕ ਸਿਰੇ ‘ਤੇ ਖੜ੍ਹਾ ਸੀ, ਪਰ ਉਹ ਆਪਣੀ ਟੀਮ ਨੂੰ ਜਿੱਤ ਦਿਵਾ ਨਹੀਂ ਸਕਿਆ । ਅਸਾਲੰਕਾ ਨੇ 47 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ ਨਾਬਾਦ 53 ਦੌੜਾਂ ਬਣਾਈਆਂ ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਦੋ ਓਵਰਾਂ ਵਿੱਚ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉੱਥੇ ਹੀ ਵੈਂਕਟੇਸ਼ ਅਈਅਰ ਨੇ 3 ਓਵਰਾਂ ਵਿੱਚ 36 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਇਲਾਵਾ ਯੁਜਵੇਂਦਰ ਚਹਲ ਤੇ ਰਵਿੰਦਰ ਜਡੇਜਾ ਨੀ 1-1 ਸਫਲਤਾ ਮਿਲੀ।
ਵੀਡੀਓ ਲਈ ਕਲਿੱਕ ਕਰੋ -: