ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਗਾਜ਼ ਹੋ ਗਿਆ ਹੈ। ਐਤਵਾਰ ਨੂੰ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਮੇਜ਼ਬਾਨ ਟੀਮ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ । ਇਸਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਲੀਡ ਹਾਸਿਲ ਕਰ ਲਈ ਹੈ।
ਦਰਅਸਲ, ਮੇਜ਼ਬਾਨ ਟੀਮ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 262 ਦੌੜਾਂ ਬਣਾਈਆਂ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 36.4 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਇਹ ਮੈਚ ਆਪਣੇ ਨਾਮ ਕਰ ਲਿਆ ।
ਭਾਰਤ ਲਈ ਕਪਤਾਨ ਸ਼ਿਖਰ ਧਵਨ ਨੇ 95 ਗੇਂਦਾਂ ਵਿੱਚ ਨਾਬਾਦ 86 ਦੌੜਾਂ ਦੀ ਪਾਰੀ ਖੇਡੀ । ਇਸ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 59 ਅਤੇ ਪ੍ਰਿਥਵੀ ਸ਼ਾ ਨੇ 43 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਸੂਰਯਕੁਮਾਰ ਯਾਦਵ ਨੇ ਅੰਤ ਵਿੱਚ 31 ਦੌੜਾਂ ‘ਤੇ ਨਾਬਾਦ ਰਹੇ ।
ਧਵਨ ਨੇ 86 ਦੌੜਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ । ਇਸਦੇ ਨਾਲ ਹੀ ਉਨ੍ਹਾਂ ਨੇ ਵਨਡੇ ਕ੍ਰਿਕਟ ਵਿੱਚ 6000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ । ਧਵਨ ਨੇ ਤੇਜ਼ੀ ਨਾਲ 6000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵੈਸਟਇੰਡੀਜ਼ ਦੇ ਸਰ ਵਿਵੀਅਨ ਰਿਚਰਡਸ ਅਤੇ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਪਛਾੜ ਦਿੱਤਾ ਹੈ । ਧਵਨ ਨੇ 140 ਪਾਰੀਆਂ ਵਿੱਚ 6000 ਵਨਡੇ ਦੌੜਾਂ ਪੂਰੀਆਂ ਕੀਤੀਆਂ ਹਨ, ਜਦਕਿ ਰਿਚਰਡਸ ਅਤੇ ਰੂਟ ਨੇ ਅਜਿਹਾ ਕਰਨ ਵਿੱਚ 141 ਪਾਰੀਆਂ ਲਈਆਂ।
ਉੱਥੇ ਹੀ ਦੂਜੇ ਪਾਸੇ ਸ਼੍ਰੀਲੰਕਾ ਵੱਲੋਂ ਚਮਿਕਾ ਕਰੁਣਾਰਤਨੇ ਨੇ 35 ਗੇਂਦਾਂ ‘ਤੇ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ ਨਾਬਾਦ 43 ਦੌੜਾਂ ਬਣਾਈਆਂ । ਸ਼੍ਰੀਲੰਕਾ ਦੀ ਪਾਰੀ ਵਿੱਚ ਕਪਤਾਨ ਦਸੁਨ ਸ਼ਨਾਕਾ ਨੇ 39, ਚਰੀਥ ਅਸਲੰਕਾ ਨੇ 38, ਅਵਿਸ਼ਕਾ ਫਰਨਾਂਡੋ ਨੇ 32, ਮਿਨੋਦ ਭਾਨੂਕਾ ਨੇ 27, ਭਾਨੂਕਾ ਰਾਜਪਕਸ਼ਾ ਨੇ 24, ਧਨੰਜੈ ਡੀ ਸਿਲਵਾ ਨੇ 14 ਦੌੜਾਂ ਬਣਾਈਆਂ। ਭਾਰਤ ਲਈ ਦੀਪਕ ਚਾਹਰ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਹਾਰਦਿਕ ਪਾਂਡਿਆ ਅਤੇ ਕ੍ਰੂਨਲ ਪਾਂਡਿਆ ਨੇ ਇਕ-ਇਕ ਵਿਕਟ ਹਾਸਿਲ ਕੀਤੀ ।
ਇਹ ਵੀ ਦੇਖੋ: ਜਦੋਂ Navjot Singh Sidhu ਦੀ ਪ੍ਰਧਾਨਗੀ ਦਾ ਹੋਇਆ ਐਲਾਨ ਤਾਂ ਸਭ ਤੋਂ ਪਹਿਲਾਂ ਸਿੱਧੂ ਨੇ ਕੀਤਾ ਆਹ ਕੰਮ