ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 44 ਦੌੜਾਂ ਨਾਲ ਮਾਤ ਦਿੱਤੀ । ਭਾਰਤ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 237 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ 46 ਓਵਰਾਂ ਵਿੱਚ 193 ਦੌੜਾਂ ‘ਤੇ ਢੇਰ ਹੋ ਗਈ । ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਇਸ ਮੁਕਾਬਲੇ ਵਿੱਚ ਭਾਰਤ ਲਈ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ । ਉਸ ਨੇ 9 ਓਵਰਾਂ ਵਿੱਚ ਤਿੰਨ ਮੇਡਨ ਦੇ ਨਾਲ ਸਿਰਫ਼ 12 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ । ਦੂਜੇ ਪਾਸੇ ਸ਼ਾਰਦੁਲ ਠਾਕੁਰ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ । ਇਸ ਤੋਂ ਇਲਾਵਾ ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਲ ਅਤੇ ਮੁਹੰਮਦ ਸਿਰਾਜ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਪ੍ਰਿਯੰਕਾ ਗਾਂਧੀ ਕਰਨ ਜਾ ਰਹੇ ਨੇ ਰੈਲੀ, ਐਤਵਾਰ ਆਉਣਗੇ ਪੰਜਾਬ
ਭਾਰਤ ਵੱਲੋਂ ਮਿਲੇ 238 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਦੀ ਟੀਮ ਨੂੰ ਸ਼ਾਈ ਹੋਪ ਅਤੇ ਬ੍ਰੈਂਡਨ ਕਿੰਗ ਨੇ ਵਧੀਆ ਸ਼ੁਰੂਆਤ ਦਿੱਤੀ । ਦੋਵਾਂ ਨੇ 32 ਦੌੜਾਂ ਜੋੜੀਆਂ । ਕਿੰਗ ਨੇ 20 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਬਣਾ ਕੇ ਆਊਟ ਹੋਏ । ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਡੈਰੇਨ ਬ੍ਰਾਵੋ ਸਿਰਫ ਇੱਕ ਦੌੜ ਬਣਾ ਕੇ ਆਊਟ ਹੋ ਗਏ । ਦੋ ਸ਼ੁਰੂਆਤੀ ਵਿਕਟਾਂ ਦੇ ਡਿੱਗਣ ਤੋਂ ਬਾਅਦ ਸਾਮਰਾਹ ਬ੍ਰੂਕਸ ਅਤੇ ਸ਼ਾਈ ਹੋਪ ਤੋਂ ਕੈਰੇਬਿਆਈ ਟੀਮ ਨੂੰ ਬਹੁਤ ਉਮੀਦਾਂ ਸਨ । ਪਰ ਹੋਪ ਦੇ ਆਊਟ ਹੋਣ ਇਹ ਸਾਰੀਆਂ ਉਮੀਦਾਂ ਟੁੱਟ ਗਈਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਓਪਨਿੰਗ ਕਰਨ ਲਈ ਮੈਦਾਨ ‘ਤੇ ਆਏ, ਪਰ ਦੋਵੇਂ ਅਸਫ਼ਲ ਰਹੇ । ਰੋਹਿਤ ਅੱਠ ਗੇਂਦਾਂ ਵਿੱਚ ਪੰਜ ਦੌੜਾਂ ਬਣਾ ਸਕੇ । ਇਸ ਦੇ ਨਾਲ ਹੀ ਪੰਤ ਨੇ 34 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਵਿਰਾਟ ਕੋਹਲੀ 30 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ । 43 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ । ਦੋਵਾਂ ਨੇ ਚੌਥੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਕੀਤੀ । ਰਾਹੁਲ ਨੇ 48 ਗੇਂਦਾਂ ਵਿੱਚ 49 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਸੂਰਿਆਕੁਮਾਰ ਨੇ 83 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ।
ਦੱਸ ਦੇਈਏ ਕਿ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੁਕਾਬਲਾ 11 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: