India beat England: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਪੰਜਵੇਂ ਟੀ-20 ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਦਿੱਤਾ ਹੈ । ਭਾਰਤ ਨੇ ਇਸਦੇ ਨਾਲ ਹੀ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਆਪਣੇ ਨਾਮ ਕਰ ਲਈ ਹੈ। ਟੀ-20 ਅੰਤਰਰਾਸ਼ਟਰੀ ਵਿੱਚ ਟੀਮ ਇੰਡੀਆ ਦੀ ਇਹ ਲਗਾਤਾਰ ਅੱਠਵੀਂ ਸੀਰੀਜ਼ ਜਿੱਤ ਹੈ। ਵਿਰਾਟ ਕੋਹਲੀ ਨੂੰ ਸੀਰੀਜ਼ ਵਿੱਚ ਤਿੰਨ ਅਰਧ ਸੈਂਕੜੇ ਦੀ ਮਦਦ ਨਾਲ 232 ਦੌੜਾਂ ਬਣਾਉਣ ਲਈ ਮੈਨ ਆਫ ਦਿ ਸੀਰੀਜ਼ ਦਾ ਅਵਾਰਡ ਦਿੱਤਾ ਗਿਆ।
ਇੰਗਲੈਂਡ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀਆਂ 80 ਅਤੇ ਰੋਹਿਤ ਸ਼ਰਮਾ ਦੀਆਂ 64 ਦੌੜਾਂ ਦੀ ਬਦੌਲਤ ਇੰਗਲੈਂਡ ਦੇ ਸਾਹਮਣੇ 225 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ, ਪਰ ਇੰਗਲੈਂਡ ਦੀ ਟੀਮ ਚੰਗੀ ਸ਼ੁਰੂਆਤ ਦੇ ਬਾਵਜੂਦ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 188 ਦੌੜਾਂ ਹੀ ਬਣਾ ਸਕੀ । ਪੰਜਵੇਂ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਨੇ ਟੀ-20 ਸੀਰੀਜ਼ ਨੂੰ ਗੁਆ ਦਿੱਤਾ । ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ਵਿੱਚ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਉਸ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਵੀ ਦਿੱਤਾ ਗਿਆ।
ਇਸ ਤੋਂ ਬਾਅਦ ਇੰਗਲੈਂਡ ਨੇ 225 ਦੌੜਾਂ ਦੇ ਟੀਚੇ ਦੀ ਮਾੜੀ ਸ਼ੁਰੂਆਤ ਕੀਤੀ । ਜੇਸਨ ਰਾਏ ਜ਼ੀਰੋ ਦੇ ਸਕੋਰ ‘ਤੇ ਪਵੇਲੀਅਨ ਪਰਤ ਗਿਆ । ਭੁਵੀ ਨੇ ਪਹਿਲੇ ਓਵਰ ਦੀ ਦੂਜੀ ਗੇਂਦ ‘ਤੇ ਰਾਏ ਨੂੰ ਬੋਲਡ ਕੀਤਾ । ਪਰ ਇਸ ਤੋਂ ਬਾਅਦ ਬਟਲਰ ਅਤੇ ਮਲਾਨ ਵਿਚਾਲੇ ਵੱਡੀ ਸਾਂਝੇਦਾਰੀ ਦੇਖਣ ਨੂੰ ਮਿਲੀ। ਬਟਲਰ ਅਤੇ ਮਲਾਨ ਨੇ ਦੂਸਰੀ ਵਿਕਟ ਲਈ 130 ਦੌੜਾਂ ਜੋੜੀਆਂ । ਭੁਵੀ ਨੇ 13ਵੇਂ ਓਵਰ ਵਿੱਚ ਬਟਲਰ ਨੂੰ ਆਊਟ ਕਰਕੇ ਭਾਰਤ ਦੀ ਮੈਚ ਵਿੱਚ ਵਾਪਸੀ ਕਰਵਾਈ । ਬਟਲਰ ਨੇ 52 ਦੌੜਾਂ ਬਣਾਈਆਂ । ਇਸ ਤੋਂ ਬਾਅਦ ਇੰਗਲੈਂਡ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ। ਮਲਾਨ ਨੇ 68 ਦੌੜਾਂ ਦੀ ਪਾਰੀ ਖੇਡੀ । ਇੰਗਲੈਂਡ 20 ਓਵਰਾਂ ਵਿੱਚ 188 ਦੌੜਾਂ ਬਣਾ ਸਕਿਆ। ਭਾਰਤ ਵੱਲੋਂ ਭੁਵੀ ਤੋਂ ਇਲਾਵਾ ਸ਼ਾਰਦੁਲ ਨੇ 45 ਦੌੜਾਂ ‘ਤੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਹਾਰਦਿਕ ਅਤੇ ਨਟਰਾਜਨ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ।
ਦੱਸ ਦੇਈਏ ਕਿ ਭਾਰਤੀ ਟੀਮ ਵੱਲੋਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ 8 ਓਵਰਾਂ ਵਿਚ 92 ਦੌੜਾਂ ਦੀ ਸਾਂਝੇਦਾਰੀ ਕੀਤੀ । ਰੋਹਿਤ ਸ਼ਰਮਾ ਨੇ 64 ਦੌੜਾਂ ਦੀ ਪਾਰੀ ਖੇਡੀ । ਇਸ ਤੋਂ ਬਾਅਦ ਸੂਰਿਆ ਨੇ ਦੌੜਾਂ ਦੀ ਰਫਤਾਰ ਕਾਇਮ ਰੱਖੀ ਅਤੇ 32 ਦੌੜਾਂ ਬਣਾਈਆਂ । ਕਪਤਾਨ ਵਿਰਾਟ ਕੋਹਲੀ ਨੇ ਇੱਕ ਸਿਰੇ ‘ਨੂੰ ਮਜ਼ਬੂਤੀ ਨਾਲ ਸੰਭਾਲਿਆ। ਵਿਰਾਟ ਕੋਹਲੀ ਸੀਰੀਜ਼ ਤੀਜਾ ਅਰਧ-ਸੈਂਕੜਾ ਲਗਾਉਣ ਵਿੱਚ ਕਾਮਯਾਬ ਰਹੇ । ਵਿਰਾਟ ਨੂੰ ਹਾਰਦਿਕ ਦਾ ਚੰਗਾ ਸਮਰਥਨ ਮਿਲਿਆ, ਜਿਸ ਨੇ 17 ਗੇਂਦਾਂ ਵਿੱਚ 39 ਦੌੜਾਂ ਬਣਾਈਆਂ । ਭਾਰਤ ਨੇ 20 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ 224 ਦੌੜਾਂ ਬਣਾਈਆਂ । ਇੰਗਲੈਂਡ ਵੱਲੋਂ ਰਾਸ਼ਿਦ ਅਤੇ ਸਟੋਕਸ ਨੂੰ ਇੱਕ-ਇੱਕ ਵਿਕਟ ਮਿਲੀ ।