ਕ੍ਰਿਕਟ ਦੇ ਮੈਦਾਨ ‘ਤੇ ਵਰਲਡ ਕੱਪ ਵਿੱਚ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਰੋਮਾਂਚਕ ਮੈਚ ਹੁੰਦੇ ਦੇਖੇ ਹਨ। ਹੁਣ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ, ਪਰ ਇਹ ਮੈਚ ਕ੍ਰਿਕਟ ਦੀ ਪਿੱਚ ‘ਤੇ ਨਹੀਂ ਬਲਕਿ ਜੈਵਲਿਨ ਥ੍ਰੋ ਦੇ ਮੈਦਾਨ ‘ਤੇ ਹੋਵੇਗਾ।
ਅਸਲ ਵਿੱਚ ਜੈਵਲਿਨ ਥ੍ਰੋ ਦਾ ਕੁਆਲੀਫਿਕੇਸ਼ਨ ਮੈਚ ਅੱਜ ਟੋਕੀਓ ਓਲੰਪਿਕਸ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣੇ ਪਹਿਲੇ ਹੀ ਥ੍ਰੋ ਵਿੱਚ 86.65 ਮੀਟਰ ਦੀ ਜੈਵਲਿਨ ਸੁੱਟ ਕੇ ਇਸ ਈਵੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਜੈਵਲਿਨ ਥ੍ਰੋ ਵਿੱਚ ਨੀਰਜ ਨੇ ਪੂਲ ਏ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਨੀਰਜ ਦੇ ਇਸ ਪ੍ਰਦਰਸ਼ਨ ਤੋਂ ਪੂਰਾ ਦੇਸ਼ ਬਹੁਤ ਖੁਸ਼ ਹੈ। ਪੂਰਾ ਦੇਸ਼ ਉਮੀਦ ਕਰ ਰਿਹਾ ਹੈ ਕਿ ਨੀਰਜ ਨਿਸ਼ਚਤ ਰੂਪ ‘ਚ ਟੋਕੀਓ ਓਲੰਪਿਕਸ ਵਿੱਚ ਸੋਨ ਤਗਮੇ ਉੱਤੇ ਕਬਜ਼ਾ ਕਰੇ। ਇਸ ਦੇ ਨਾਲ ਹੀ ਪੂਲ ਬੀ ਦੇ ਮੈਚ ਵਿੱਚ ਭਾਰਤ ਦੇ ਕੱਟੜ ਵਿਰੋਧੀ ਪਾਕਿਸਤਾਨ ਦੇ ਨਦੀਮ ਅਰਸ਼ਦ ਨੇ ਵੀ ਫਾਈਨਲ ਵਿੱਚ ਥਾਂ ਬਣਾਈ ਹੈ। ਨਦੀਮ ਨੇ 85.16 ਮੀਟਰ ਜੈਵਲਿਨ ਸੁੱਟ ਕੇ ਆਪਣੇ ਪੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਇਹ ਵੀ ਪੜ੍ਹੋ : ਕਦੇ ਪਿਤਾ ਨੇ ਮੋਟਰਸਾਈਕਲ ਵੇਚ ਦਵਾਈ ਸੀ ਹਾਕੀ ਕਿੱਟ ਹੁਣ Olympics 2020 ‘ਚ ਗੁਰਜੀਤ ਨੇ ਭਾਰਤ ਸਣੇ ਚਮਕਾਇਆ ਪੰਜਾਬ ਦਾ ਨਾਮ
ਹੈਰਾਨੀਜਨਕ ਗੱਲ ਇਹ ਸੀ ਕਿ ਦੋਵੇਂ ਜੈਵਲਿਨ ਥ੍ਰੋਅਰ ਆਪੋ -ਆਪਣੇ ਗਰੁੱਪਾਂ ਵਿੱਚ ਪਹਿਲੇ ਸਥਾਨ ‘ਤੇ ਰਹੇ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ। ਪਾਕਿਸਤਾਨ ਦਾ ਜੈਵਲਿਨ ਥ੍ਰੋਅਰ ਅਰਸ਼ਦ ਪਹਿਲਾਂ ਕ੍ਰਿਕਟ ਖੇਡਦਾ ਸੀ, ਪਰ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਪ੍ਰੇਰਨਾ ਲੈਂਦੇ ਹੋਏ, ਉਸਨੇ ਜੈਵਲਿਨ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। 2018 ਵਿੱਚ, ਅਸ਼ਰਾਦ ਨੇ ਖੁਦ ਕਿਹਾ ਸੀ ਕਿ ਉਹ ਨੀਰਜ ਤੋਂ ਪ੍ਰੇਰਣਾ ਲੈਂਦਾ ਹੈ। ਹੁਣ ਜੈਵਲਿਨ ਥ੍ਰੋ ਦਾ ਫਾਈਨਲ 7 ਅਗਸਤ ਨੂੰ ਓਲੰਪਿਕ ਵਿੱਚ ਖੇਡਿਆ ਜਾਵੇਗਾ। ਜਿੱਥੇ ਭਾਰਤ ਦੇ ਨੀਰਜ ਚੋਪੜਾ, ਜਿਨ੍ਹਾਂ ਨੂੰ ਸੋਨ ਤਮਗੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ, ਦਾ ਮੁਕਾਬਲਾ ਪਾਕਿਸਤਾਨ ਦੇ ਅਰਸ਼ਦ ਨਾਲ ਹੋਵੇਗਾ। ਪਾਕਿਸਤਾਨ ਤੋਂ ਇਲਾਵਾ ਨੀਰਜ ਨੂੰ ਫਾਈਨਲ ਵਿੱਚ ਜਰਮਨੀ ਦੇ ਜੋਨਸ ਵੈਟਰ ਤੋਂ ਵੀ ਸਾਵਧਾਨ ਰਹਿਣਾ ਪਏਗਾ। ਵੈਟਰ ਨੇ 2021 ਵਿੱਚ ਸੱਤ ਵਾਰ 90 ਮੀਟਰ ਤੋਂ ਵੱਧ ਦਾ ਥ੍ਰੋ ਸੁੱਟਿਆ ਹੈ। ਵੈਟਰ ਨੂੰ ਸੋਨ ਤਮਗੇ ਦਾ ਮਜ਼ਬੂਤ ਦਾਅਵੇਦਾਰ ਵੀ ਮੰਨਿਆ ਜਾਂ ਰਿਹਾ ਹੈ।
ਇਹ ਵੀ ਦੇਖੋ : ਕਿਸਾਨਾਂ ਨੂੰ ਚੂੜੀਆਂ ਦਿਖਾਉਂਦੀਆਂ ਸੀ ਭਾਜਪਾ ਦੀਆਂ ਜਨਾਨੀਆਂ, ਕਿਸਾਨ ਬੀਬੀ ਨੇ ਦੇਖੋ ਕਿਵੇਂ ਲਪੇਟੀਆਂ !