India vs Australia 2nd Test: ਅਜਿੰਕਿਆ ਰਹਾਣੇ ਬ੍ਰਿਗੇਡ ਨੇ ਮੈਲਬੌਰਨ ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਾਲੇ ਪਹਿਲੇ ਟੈਸਟ ਦੀ ਹਾਰ ਦਾ ਬਦਲਾ ਲੈ ਲਿਆ ਹੈ । ਟੀਮ ਇੰਡੀਆ ਨੇ ਮੰਗਲਵਾਰ ਨੂੰ ਦੂਸਰੇ ਟੈਸਟ ਮੈਚ ਦੇ ਚੌਥੇ ਦਿਨ ਮੇਜ਼ਬਾਨ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ । ਜਿੱਤ ਦੇ ਲਈ ਮਿਲੇ 70 ਦੌੜਾਂ ਦੇ ਟੀਚੇ ਨੂੰ ਭਾਰਤ ਨੇ 2 ਵਿਕਟਾਂ (70/2) ਗੁਆ ਕੇ ਹਾਸਿਲ ਕਰ ਲਏ। ਇਸਦੇ ਨਾਲ ਹੀ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ। ਹੁਣ ਸੀਰੀਜ਼ ਦਾ ਤੀਜਾ ਟੈਸਟ 7 ਜਨਵਰੀ ਤੋਂ ਖੇਡਿਆ ਜਾਵੇਗਾ ।
ਜ਼ਿਕਰਯੋਗ ਹੈ ਕਿ ਐਡੀਲੇਡ ਵਿੱਚ ਆਸਟ੍ਰੇਲੀਆਈ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੂੰ ਬੁਰੀ ਤਰ੍ਹਾਂ ਹਰਾਇਆ ਸੀ, ਪਰ ਮੈਲਬਰਨ ਵਿੱਚ ਜਿਵੇਂ ਹੀ ਅਜਿੰਕਿਆ ਰਹਾਣੇ ਨੂੰ ਕੋਹਲੀ ਦੀ ਗੈਰ-ਹਾਜ਼ਰੀ ਵਿੱਚ ਕਪਤਾਨੀ ਮਿਲੀ, ਉਨ੍ਹਾਂ ਨੇ ਕੰਗਾਰੂਆਂ ਨਾਲ 10 ਦਿਨਾਂ ਵਿੱਚ ਹਾਰ ਦਾ ਬਦਲਾ ਲੈ ਲਿਆ। ਐਡੀਲੇਡ ਟੈਸਟ ਦੀ ਦੂਜੀ ਪਾਰੀ ਵਿੱਚ ਟੀਮ ਇੰਡੀਆ ਨੂੰ ਆਸਟ੍ਰੇਲੀਆ ਨੇ 36 ਦੌੜਾਂ ‘ਤੇ ਢੇਰ ਕਰ ਕੇ 8 ਵਿਕਟਾਂ ਨਾਲ ਜਿੱਤ ਲਿਆ ਸੀ । ਪਰ ਭਾਰਤੀ ਟੀਮ ਨੇ ਮੈਲਬਰਨ ਵਿੱਚ ਰਹਾਣੇ ਦੀ ਕਪਤਾਨੀ ਵਿੱਚ ਜ਼ਬਰਦਸਤ ਵਾਪਸੀ ਕਰਦਿਆਂ ਕੰਗਾਰੂਆਂ ਨੂੰ ਉਨ੍ਹਾਂ ਦੇ ਹੀ ਗੜ੍ਹ ਵਿੱਚ ਧੂੜ ਚਟਾ ਦਿੱਤੀ। ਮੈਲਬੌਰਨ ਦੀ ਜਿੱਤ ਨੇ ਐਡੀਲੇਡ ਦੀ ਹਾਰ ਦਾ ਜ਼ਖਮ ਭਰ ਦਿੱਤਾ।
ਪਰ ਮੈਲਬੌਰਨ ਕ੍ਰਿਕਟ ਮੈਦਾਨ (MCG) ‘ਤੇ ਜਿੱਤ ਹਾਸਿਲ ਕਰਨ ਲਈ ਭਾਰਤੀ ਟੀਮ ਨੂੰ 2 ਵਿਕਟਾਂ ਗੁਆਣੀਆਂ ਪਈਆ। 16 ਦੌੜਾਂ ਦੇ ਸਕੋਰ ‘ਤੇ ਮਯੰਕ ਅਗਰਵਾਲ (5) ਨੂੰ ਮਿਸ਼ੇਲ ਸਟਾਰਕ ਨੇ ਵਾਪਿਸ ਭੇਜ ਦਿੱਤਾ। ਫਾਰਮ ਲਈ ਲੜ ਰਹੇ ਚੇਤੇਸ਼ਵਰ ਪੁਜਾਰਾ (3) ਨੂੰ ਪੈਟ ਕਮਿੰਸ ਨੇ 19 ਦੇ ਸਕੋਰ ‘ਤੇ ਸ਼ਿਕਾਰ ਬਣਾਇਆ । ਇਸ ਤੋਂ ਬਾਅਦ ਕਪਤਾਨ ਅਜਿੰਕਿਆ ਰਹਾਣੇ (ਨਾਬਾਦ 27) ਅਤੇ ਸ਼ੁਭਮਨ ਗਿੱਲ (ਨਾਬਾਦ 35) ਨੇ ਹੋਰ ਕੋਈ ਝਟਕਾ ਨਹੀਂ ਲੱਗਣ ਦਿੱਤਾ।
ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ (1947–2020) ਵਿਚਕਾਰ ਇਹ 100ਵਾਂ ਟੈਸਟ ਮੈਚ ਸੀ ਅਤੇ ਭਾਰਤ ਨੇ ਨਿਯਮਤ ਕਪਤਾਨ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿੱਚ ਭਾਰਤ ਨੂੰ ਇਹ ਯਾਦਗਾਰੀ ਜਿੱਤ ਮਿਲੀ । ਆਸਟ੍ਰੇਲੀਆ ਖ਼ਿਲਾਫ਼ ਇਹ ਭਾਰਤ ਦੀ 29ਵੀਂ ਜਿੱਤ ਹੈ, ਹਾਲਾਂਕਿ ਇਸ ਤੋਂ ਪਹਿਲਾਂ ਉਸਨੂੰ 43 ਮੈਚਾਂ ਵਿੱਚ ਹਾਰ ਮਿਲੀ ਹੈ। ਆਸਟ੍ਰੇਲੀਆ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ‘ਤੇ 133 ਦੌੜਾਂ ਬਣਾਈਆਂ ਸਨ ਅਤੇ ਉਹ ਭਾਰਤ ਤੋਂ ਸਿਰਫ ਦੋ ਦੌੜਾਂ ਅੱਗੇ ਸੀ । ਚੌਥੇ ਦਿਨ ਸਵੇਰੇ ਕੰਗਾਰੂ ਟੀਮ ਨੇ 67 ਦੌੜਾਂ ਜੋੜੀਆਂ। ਦੁਪਹਿਰ ਦੇ ਖਾਣੇ ਤੱਕ ਮੇਜ਼ਬਾਨ ਟੀਮ 200 ਦੌੜਾਂ ‘ਤੇ ਸਿਮਟ ਗਈ। ਜਿਸ ਕਾਰਨ ਭਾਰਤ ਨੂੰ ਜਿੱਤ ਲਈ 70 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਆਸਾਨੀ ਨਾਲ ਹਾਸਿਲ ਕਰ ਲਿਆ।
ਇਹ ਵੀ ਦੇਖੋ: ਗੁਰੂ ਦੇ ਸਿੰਘਾਂ ਨੇ ਕਵਿਤਾ ਸੁਣਾ ਕੇ ਦਿੱਤੀ ਸਰਦਾਰਾਂ ਦੀ ਬਹਾਦਰੀ ਉਦਹਾਰਣ, ਤੁਸੀਂ ਵੀ ਜਰੂਰ ਸੁਣੋ