India vs England 1st ODI: ਟੈਸਟ ਅਤੇ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਹੁਣ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਭਾਰਤ ਨੇ ਮੰਗਲਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਆਸਾਨ ਜਿੱਤ ਹਾਸਿਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 317 ਦੌੜਾਂ ਬਣਾਈਆਂ । ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਤੇਜ਼ ਸ਼ੁਰੂਆਤ ਦੇ ਬਾਵਜੂਦ ਟੀਚੇ ਨੂੰ ਹਾਸਿਲ ਨਹੀਂ ਕਰ ਸਕੀ ਅਤੇ 251 ਦੌੜਾਂ ‘ਤੇ ਸਿਮਟ ਗਈ । ਇਸ ਤਰ੍ਹਾਂ ਟੀਮ ਇੰਡੀਆ ਇਹ ਮੈਚ 66 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 1-0 ਨਾਲ ਬੜ੍ਹਤ ਬਣਾ ਲਈ ਹੈ। ਇੰਡੀਆ ਦੇ ਲਈ ਪ੍ਰਸਿੱਧ ਕ੍ਰਿਸ਼ਨਾ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ ਆਪਣੇ ਡੈਬਿਊ ਮੈਚ ਵਿੱਚ ਹੀ 54 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ।
318 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਸੀ । ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ 14.2 ਓਵਰਾਂ ਵਿੱਚ 135 ਦੌੜਾਂ ਜੋੜ ਲਈਆਂ ਸਨ। ਕ੍ਰਿਸ਼ਨਾ ਨੇ ਰਾਏ ਨੂੰ 46 ਦੌੜਾਂ ‘ਤੇ ਵਾਪਸ ਪਵੇਲੀਅਨ ਭੇਜਿਆ । ਇਸ ਤੋਂ ਬਾਅਦ ਇੰਗਲੈਂਡ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਇੰਗਲੈਂਡ ਵੱਲੋਂ ਜੌਨੀ ਬੇਅਰਸਟੋ ਨੇ 66 ਗੇਂਦਾਂ ‘ਤੇ 6 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 94 ਦੌੜਾਂ ਬਣਾਈਆਂ । ਉਸ ਤੋਂ ਇਲਾਵਾ ਜੇਸਨ ਰਾਏ ਨੇ 46, ਮੋਇਨ ਅਲੀ ਨੇ 30, ਕਪਤਾਨ ਈਯੋਨ ਮੋਰਗਨ ਨੇ 22 ਅਤੇ ਸੈਮ ਬਿਲਿੰਗਜ਼ ਨੇ 18 ਦੌੜਾਂ ਬਣਾਈਆਂ । ਭਾਰਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ 4, ਸ਼ਾਰਦੁਲ ਠਾਕੁਰ ਨੇ 3, ਭੁਵਨੇਸ਼ਵਰ ਕੁਮਾਰ ਨੇ 2 ਅਤੇ ਕਰੁਨਲ ਪਾਂਡਿਆ ਨੇ 1 ਵਿਕਟ ਲਈ।
ਇਸ ਤੋਂ ਪਹਿਲਾਂ ਭਾਰਤ ਦੀ ਪਾਰੀ ਵਿੱਚ ਸ਼ਿਖਰ ਧਵਨ ਨੇ 98, ਲੋਕੇਸ਼ ਰਾਹੁਲ ਨੇ ਨਾਬਾਦ 62, ਕਰੁਨਲ ਪਾਂਡਿਆ ਨੇ ਨਾਬਾਦ 58 ਅਤੇ ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਬਣਾਈਆਂ। ਭਾਰਤ ਲਈ ਕੇਐਲ ਰਾਹੁਲ ਅਤੇ ਕਰੁਨਲ ਪਾਂਡਿਆ ਦੀ ਜੋੜੀ ਨੇ 6ਵੇਂ ਵਿਕਟ ਲਈ ਸਿਰਫ 61 ਗੇਂਦਾਂ ਵਿੱਚ 112 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਦੀ ਸਾਂਝੇਦਾਰੀ ਕਾਰਨ ਟੀਮ ਇੰਡੀਆ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 317 ਦੌੜਾਂ ਦਾ ਵੱਡਾ ਟੀਚਾ ਤਹਿ ਕਰਨ ਵਿੱਚ ਕਾਮਯਾਬ ਰਹੀ । ਇੰਗਲੈਂਡ ਲਈ ਬੇਨ ਸਟੋਕਸ ਨੇ 3 ਅਤੇ ਮਾਰਕ ਵੁੱਡ ਨੇ 2 ਵਿਕਟਾਂ ਲਈਆਂ । ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਦੂਜਾ ਮੈਚ ਪੁਣੇ ਵਿੱਚ 26 ਮਾਰਚ ਨੂੰ ਖੇਡਿਆ ਜਾਵੇਗਾ।
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ (ਵਿਕਟਕੀਪਰ), ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਕਰੁਨਲ ਪੰਡਿਆ, ਵਾਸ਼ਿੰਗਟਨ ਸੁੰਦਰ, ਟੀ ਨਟਰਾਜਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਮਸ਼ਹੂਰ ਕ੍ਰਿਸ਼ਨ, ਸ਼ਾਰਦੂਲ ਠਾਕੁਰ।
ਇੰਗਲੈਂਡ: ਈਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੌਨੀ ਬੇਅਰਸਟੋ, ਸੈਮ ਬਿਲਿੰਗਸ, ਜੋਸ ਬਟਲਰ, ਸੈਮ ਕੁਰੇਨ, ਟੌਮ ਕੁਰੇਨ, ਲੀਅਮ ਲਿਵਿੰਗਸਟੋਨ, ਮੈਟ ਪਾਰਕਿਸਨ, ਆਦਿਲ ਰਾਸ਼ਿਦ, ਜੇਸਨ ਰਾਏ, ਬੇਨ ਸਟੋਕਸ, ਰੀਸ ਟੋਲੀ, ਮਾਰਕ ਵੁਡ, ਜੈਕ ਬਾਲ, ਕ੍ਰਿਸ ਜੌਰਡਨ, ਡੇਵਿਡ ਮਲਾਨ।