ਲਾਰਡਸ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਟੀਮ ਇੰਡੀਆ ਨੂੰ 100 ਦੌੜਾਂ ਨਾਲ ਹਰਾ ਦਿੱਤਾ । ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ ‘ਤੇ ਆ ਗਈ ਹੈ। ਇਸ ਮੁਕਾਬਲੇ ਵਿੱਚ ਇੰਗਲੈਂਡ ਨੇ ਪਹਿਲਾਂ ਖੇਡਦਿਆਂ 246 ਦੌੜਾਂ ਬਣਾਈਆਂ ਸਨ । ਜਿਸਦੇ ਜਵਾਬ ਵਿੱਚ ਰੋਹਿਤ ਐਂਡ ਕੰਪਨੀ 146 ਦੌੜਾਂ ਹੀ ਬਣਾ ਸਕੀ।
ਇੰਗਲੈਂਡ ਦੀ ਇਸ ਜਿੱਤ ਦਾ ਹੀਰੋ ਤੇਜ਼ ਗੇਂਦਬਾਜ਼ ਰੀਸ ਟੌਪਲੇ ਰਹੇ । ਉਸ ਨੇ 9.5 ਓਵਰਾਂ ਵਿੱਚ 2 ਮੇਡਨ ਦੇ ਨਾਲ ਸਿਰਫ 24 ਦੌੜਾਂ ਦੇ ਕੇ 6 ਵਿਕਟਾਂ ਲਈਆਂ । ਟੌਪਲੇ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੰਜ ਵਿਕਟਾਂ ਲਈਆਂ । ਦੱਸ ਦੇਈਏ ਕਿ ਟੌਪਲੇ ਨੇ ਰੋਹਿਤ ਸ਼ਰਮਾ, ਸ਼ਿਖਰ ਧਵਨ, ਸੂਰਿਆਕੁਮਾਰ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ ਅਤੇ ਮਸ਼ਹੂਰ ਕ੍ਰਿਸ਼ਨਾ ਨੂੰ ਆਪਣਾ ਸ਼ਿਕਾਰ ਬਣਾਇਆ ।
ਜ਼ਿਕਰਯੋਗ ਹੈ ਕਿ 247 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ । ਪਹਿਲਾਂ ਕਪਤਾਨ ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਵੀ 9 ਦੌੜਾਂ ਬਣਾ ਕੇ ਆਊਟ ਹੋ ਗਏ । ਫਿਰ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਰਿਸ਼ਭ ਪੰਤ ਵੀ ਜ਼ੀਰੋ ‘ਤੇ ਆਊਟ ਹੋ ਗਏ । ਇਸ ਵਿਚਾਲੇ ਖਰਾਬ ਫਾਰਮ ਨਾਲ ਜੂਝ ਰਹੇ ਵਿਰਾਟ ਕੋਹਲੀ ਨੇ ਤਿੰਨ ਸ਼ਾਨਦਾਰ ਚੌਕੇ ਲਗਾਏ, ਪਰ ਉਹ 16 ਦੌੜਾਂ ਦੇ ਨਿੱਜੀ ਸਕੋਰ ‘ਤੇ ਕੈਚ ਆਊਟ ਹੋ ਗਏ।
ਉੱਥੇ ਹੀ ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਟੀਮ ਨੂੰ ਜੇਸਨ ਰਾਏ ਤੇ ਜਾਨੀ ਬੇਅਰਸਟੋ ਨੇ ਚੰਗੀ ਸ਼ੁਰੂਆਤ ਦਿਵਾਈ ਸੀ। ਦੋਨਾਂ ਨੇ ਪਹਿਲੀ ਵਿਕਟ ਲਈ 8.5 ਓਵਰ ਵਿੱਚ 41 ਦੌੜਾਂ ਜੋੜੀਆਂ। ਰਾਏ ਨੇ 33 ਗੇਂਦਾਂ ਖੇਡ ਕੇ ਸ਼ਾਨਦਾਰ 23 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਚੌਕੇ ਤੇ ਇੱਕ ਛੱਕਾ ਲਗਾਇਆ। ਇਸ ਤੋਂ ਇਲਾਵਾ ਬੇਅਰਸਟੋ ਨੇ 38 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।
ਦੱਸ ਦੇਈਏ ਕਿ ਬੇਅਰਸਟੋ ਦੇ ਆਊਟ ਹੁੰਦਿਆਂ ਹੀ ਇੰਗਲੈਂਡ ਦੀ ਪਾਰੀ ਲੜਖੜਾ ਗਈ। ਇਸ ਤੋਂ ਬਾਅਦ ਜੋ ਰੂਟ 11, ਜੋਸ ਬਟਲਰ 4 ਅਤੇ ਬੇਨ ਸਟੋਕਸ 21 ਦੌੜਾਂ ਬਣ ਕੇ ਆਊਟ ਹੋ ਗਏ। 102 ਦੌੜਾਂ ‘ਤੇ ਪੰਜ ਵਿਕਟਾਂ ਡਿੱਗਣ ਲਿਯਾਮ ਲਿਵਿੰਗਸਟੋਨ ਨੇ ਕੁਝ ਵੱਡੇ ਸ਼ਾਰਟ ਖੇਡੇ। ਲਿਵਿੰਗਸਟੋਨ ਨੇ 33 ਗੇਂਦਾਂ ਵਿੱਚ 2 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 33 ਦੌੜਾਂ ਬਣਾਈਆਂ ।
ਵੀਡੀਓ ਲਈ ਕਲਿੱਕ ਕਰੋ -: