India vs England 2nd T20: ਭਾਰਤ ਨੇ ਇੰਗਲੈਂਡ ਖਿਲਾਫ਼ ਟੀ-20 ਸੀਰੀਜ਼ ਵਿੱਚ ਧਮਾਕੇਦਾਰ ਵਾਪਸੀ ਕੀਤੀ। ਕਪਤਾਨ ਵਿਰਾਟ ਕੋਹਲੀ ਤੇ ਈਸ਼ਾਨ ਕਿਸ਼ਨ ਦੀ ਪਾਰੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ । ਇਸ ਮੁਕਾਬਲੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਨੂੰ 6 ਵਿਕਟਾਂ ‘ਤੇ 164 ਦੌੜਾਂ ‘ਤੇ ਰੋਕ ਦਿੱਤਾ ਅਤੇ ਫਿਰ 17.5 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ। ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ ਵਿੱਚ ਨਾਬਾਦ 73 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 56 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਇਸ ਮੈਚ ਵਿੱਚ ਜਿੱਤ ਹਾਸਿਲ ਕਰ ਕੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-1 ਨਾਲ ਬਰਾਬਰੀ ‘ਤੇ ਕਰ ਲਈ । ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ । ਪਰ ਭਾਰਤ ਨੇ ਦੂਜੇ ਮੈਚ ਵਿੱਚ ਹੀ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੇ ਮੈਚ ਦੀ ਹਾਰ ਦਾ ਬਦਲਾ ਲੈ ਲਿਆ ।
ਇਸ ਮੁਕਾਬਲੇ ਵਿੱਚ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਕੇਐਲ ਰਾਹੁਲ ਬਿਨ੍ਹਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਵਾਪਸ ਪਰਤ ਗਏ । ਪਰ ਈਸ਼ਾਨ ਕਿਸ਼ਨ ਨੇ ਆਪਣੇ ਡੈਬਿਊ ਮੈਚ ਵਿੱਚ ਸਿਰਫ 28 ਗੇਂਦਾਂ ‘ਤੇ ਹੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ । ਈਸ਼ਾਨ ਨੇ ਕਪਤਾਨ ਕੋਹਲੀ ਨਾਲ ਦੂਜੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ । ਈਸ਼ਾਨ ਨੇ 32 ਗੇਂਦਾਂ ਵਿੱਚ ਪੰਜ ਚੌਕੇ ਅਤੇ ਚਾਰ ਛੱਕੇ ਮਾਰੇ ।
ਉੱਥੇ ਹੀ ਕਪਤਾਨ ਵਿਰਾਟ ਕੋਹਲੀ ਨੇ 49 ਗੇਂਦਾਂ ਵਿੱਚ ਪੰਜ ਚੌਕੇ ਅਤੇ ਤਿੰਨ ਛੱਕੇ ਲਗਾਏ । ਕੋਹਲੀ ਦੇ ਕਰੀਅਰ ਦਾ ਇਹ 26ਵਾਂ ਅਰਧ ਸੈਂਕੜਾ ਹੈ । ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕੋਹਲੀ ਨੇ 3000 ਦੌੜਾਂ ਵੀ ਪੂਰੀਆਂ ਕੀਤੀਆਂ ਹਨ । ਉਸ ਤੋਂ ਇਲਾਵਾ ਰਿਸ਼ਭ ਪੰਤ ਨੇ 13 ਗੇਂਦਾਂ ਵਿੱਚ 26 ਦੌੜਾਂ ਬਣਾਈਆਂ । ਸ਼੍ਰੇਅਸ ਅਈਅਰ ਨੇ 8 ਗੇਂਦਾਂ ‘ਤੇ ਨਾਬਾਦ 8 ਦੌੜਾਂ ਬਣਾਈਆਂ । ਇੰਗਲੈਂਡ ਵੱਲੋਂ ਸੈਮ ਕੁਰੈਨ, ਆਦਿਲ ਰਾਸ਼ਿਦ ਅਤੇ ਕ੍ਰਿਸ ਜਾਰਡਨ ਨੇ ਇੱਕ-ਇੱਕ ਵਿਕਟ ਲਈ ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 164 ਦੌੜਾਂ ਬਣਾਈਆਂ । ਇੰਗਲੈਂਡ ਵੱਲੋਂ ਜੇਸਨ ਰਾਏ ਨੇ 46 ਦੌੜਾਂ ਦੀ ਪਾਰੀ ਖੇਡੀ । ਭਾਰਤ ਵੱਲੋਂ ਸ਼ਾਰਦੁਲ ਅਤੇ ਵਾਸ਼ਿੰਗਟਨ ਸੁੰਦਰ ਨੇ ਦੋ-ਦੋ ਵਿਕਟਾਂ ਲਈਆਂ । ਭੁਵਨੇਸ਼ਵਰ ਕੁਮਾਰ ਅਤੇ ਯੁਜਵੇਂਦਰ ਚਾਹਲ ਨੇ 1-1 ਵਿਕਟ ਲਈ । ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ 16 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਇਹ ਵੀ ਦੇਖੋ: ਨਹੀਂ ਹੱਟਦਾ BJP ਵਾਲਾ ਹਰਜੀਤ ਗਰੇਵਾਲ, ਕਿਸਾਨਾਂ ਖਿਲਾਫ ਫਿਰ ਉਗਲਿਆ ਜ਼ਹਿਰ, ਕਹਿੰਦਾ …