India vs England 3rd test match: ਪਿਛਲੇ ਮੈਚ ਵਿੱਚ ਵੱਡੀ ਜਿੱਤ ਦੇ ਬਾਵਜੂਦ ਭਾਰਤ ਨੂੰ ਮੋਟੇਰਾ ਦੀ ਨਵੀਂ ਪਿੱਚ ‘ਤੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਡੇਅ-ਨਾਈਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਮੁਸੀਬਤ ਵਿੱਚ ਪਾਉਣ ਲਈ ਗੁਲਾਬੀ ਗੇਂਦ ਨਾਲ ਜੁੜੇ ਸਵਾਲਾਂ ਦਾ ਉਚਿਤ ਹੱਲ ਕੱਢਣਾ ਪਵੇਗਾ। ਸਰਦਾਰ ਪਟੇਲ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ ਸੀ ਅਤੇ ਹੁਣ ਇਹ ਵਿਸ਼ਾਲ ਦਿਖਾਈ ਦੇ ਰਿਹਾ ਹੈ ਪਰ ਇੱਥੇ ਲੰਬੇ ਸਮੇਂ ਤੋਂ ਬਾਅਦ ਟੈਸਟ ਮੈਚ ਹੋ ਰਿਹਾ ਹੈ ਅਤੇ ਇਸ ਲਈ ਵਿਰਾਟ ਕੋਹਲੀ ਦੀ ਟੀਮ ਨੂੰ ਬਹੁਤ ਜ਼ਿਆਦਾ ਲਾਭ ਦੀ ਉਮੀਦ ਨਹੀਂ ਹੋਵੇਗੀ।
ਭਾਰਤ ਚਾਹੇਗਾ ਹੈ ਕਿ ਪਿੱਚ ਨਾਲ ਸਪਿਨਰਾਂ ਨੂੰ ਮਦਦ ਮਿਲੇ ਤਾਂ ਜੋ ਉਹ 2-1 ਦੀ ਬੜ੍ਹਤ ਬਣਾ ਸਕੇ, ਪਰ ਪਿੱਚ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਵੇਗਾ, ਇਹ ਵੇਖਣਾ ਬਾਕੀ ਹੈ। ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਪਿੱਚ ਬਾਰੇ ਟੀਮ ਦੀ ਰਾਏ ਸਪੱਸ਼ਟ ਕੀਤੀ ਸੀ । ਉਹ ਇੱਕ ਅਜਿਹੀ ਪਿੱਚ ਚਾਹੁੰਦੇ ਹਨ ਜਿਸ ਨਾਲ ਅਸ਼ਵਿਨ ਅਤੇ ਅਕਸ਼ਰ ਪਟੇਲ ਵਰਗੇ ਸਪਿੰਨਰਾਂ ਨੂੰ ਮਦਦ ਮਿਲੇ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਜੋਅ ਰੂਟ ਹੈਂਡਿਗਲੇ ਜਾਂ ਓਲਡ ਟ੍ਰੈਫੋਰਡ ਵਿਖੇ ਘਾਹ ਵਾਲੀਆਂ ਪਿੱਚਾਂ ਨੂੰ ਤਰਜੀਹ ਦਿੰਦੇ ਹਨ। ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਨੇ ਕਿਹਾ, “ਅਸੀਂ ਇਹ ਟੈਸਟ ਗੁਲਾਬੀ ਗੇਂਦ ਨਾਲ ਖੇਡ ਰਹੇ ਹਾਂ ਇਸ ਲਈ ਸਾਨੂੰ ਉਨ੍ਹਾਂ ‘ਤੇ ਕਾਬੂ ਪਾਉਣ ਦਾ ਪਤਾ ਨਹੀਂ ਹੈ।” ਜਦੋਂਕਿ ਇੰਗਲੈਂਡ ਦੇ ਤਜਰਬੇਕਾਰ ਗੇਂਦਬਾਜ਼ ਐਂਡਰਸਨ ਦਾ ਮੰਨਣਾ ਹੈ ਕਿ ਮੈਚ ਦੀ ਸ਼ੁਰੂਆਤ ਦੇ ਸਮੇਂ ਉਨ੍ਹਾਂ ਸਾਹਮਣੇ ਉਸੇ ਤਰ੍ਹਾਂ ਦੀ ਵਿਕਟ ਹੋਵੇਗੀ ਜਿਵੇਂ ਕਿ ਚੇਪਕ ਵਿੱਚ ਸੀ।
ਜੇਕਰ ਇੱਥੇ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਮੇਸ਼ ਯਾਦਵ ਤੰਦਰੁਸਤੀ ਪ੍ਰੀਖਣ ਵਿੱਚ ਸਫਲ ਰਹੇ ਹਨ ਅਤੇ ਇਹ ਭਾਰਤ ਲਈ ਚੰਗੀ ਖਬਰ ਹੈ । ਅਜਿਹੀ ਸਥਿਤੀ ਵਿੱਚ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕੀਤਾ ਜਾ ਸਕਦਾ ਹੈ। ਉਮੇਸ਼ ਅਤੇ ਇਸ਼ਾਂਤ ਨੇ ਕੋਲਕਾਤਾ ਵਿੱਚ ਖੇਡੇ ਗਏ ਪਹਿਲੇ ਡੇਅ-ਨਾਈਟ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਛੇ ਸੈਸ਼ਨਾਂ ਵਿੱਚ ਦੋ ਵਾਰ ਹਰਾ ਦਿੱਤਾ ਸੀ। ਪਰ ਇੰਗਲੈਂਡ ਕੋਲ ਜੋ ਰੂਟ, ਬੇਨ ਸਟੋਕਸ, ਜੌਨੀ ਬੇਅਰਸਟੋ ਵਰਗੇ ਖਿਡਾਰੀ ਹਨ ਜੋ ਇੱਕ ਸਖਤ ਚੁਣੌਤੀ ਬਣਨਗੇ। ਹਾਰਦਿਕ ਪਾਂਡਿਆ ਨੂੰ ਗੇਂਦਬਾਜ਼ਾਂ ਦੇ ਕੰਮ ਦਾ ਭਾਰ ਘਟਾਉਣ ਲਈ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰ ਇਹ ਪੱਕਾ ਨਹੀਂ ਹੈ ਕਿ ਟੀਮ ਉਨ੍ਹਾਂ ਨੂੰ ਟੈਸਟ ਮੈਚ ਲਈ ਤਿਆਰ ਮੰਨ ਰਹੀ ਹੈ ਜਾਂ ਨਹੀਂ।
ਉੱਥੇ ਹੀ ਦੂਜੇ ਪਾਸੇ ਇੰਗਲੈਂਡ ਦੀ ਰੋਟੇਸ਼ਨ ਪਾਲਿਸੀ ਕਾਰਨ ਮੋਇਨ ਅਲੀ ਵਿਦੇਸ਼ ਵਾਪਸ ਚਲੇ ਗਏ ਹਨ ਅਤੇ ਅਜਿਹੇ ਵਿੱਚ ਡੋਮ ਬੇਸ ਨੂੰ ਜੈਕ ਲੀਚ ਦੇ ਨਾਲ ਸਪਿਨ ਵਿਭਾਗ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਪਰ ਇਹ ਨਿਸ਼ਚਤ ਨਹੀਂ ਹੈ ਕਿ ਐਂਡਰਸਨ ਅਤੇ ਜੋਫਰਾ ਆਰਚਰ ਨਾਲ ਖੇਡਦੇ ਹੋਏ ਸਟੂਅਰਟ ਬ੍ਰਾਡ ਜਾਂ ਮਾਰਕ ਵੁੱਡ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੇਗੀ ਜਾਂ ਨਹੀਂ। ਇਸ ਤੋਂ ਇਲਾਵਾ ਪ੍ਰਤਿਭਾਵਾਨ ਬੱਲੇਬਾਜ਼ ਜੈਕ ਕਰੋਲੀ ਨੂੰ ਰੋਰੀ ਬਰਨਜ਼ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ ਜਦਕਿ ਜੌਨ ਲਾਰੈਂਸ ਬੇਅਰਸਟੋ ਤੀਜੇ ਨੰਬਰ ‘ਤੇ ਡੈਨ ਲਾਰੇਂਸ ਦੀ ਜਗ੍ਹਾ ਲੈਣਗੇ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸਾਹਾ (ਵਿਕਟਕੀਪਰ), ਆਰ ਅਸ਼ਵਿਨ , ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ / ਉਮੇਸ਼ ਯਾਦਵ।
ਇੰਗਲੈਂਡ: ਜੋਅ ਰੂਟ (ਕਪਤਾਨ), ਜੇਮਜ਼ ਐਂਡਰਸਨ, ਜੋਫਰਾ ਆਰਚਰ, ਜੌਨੀ ਬੇਅਰਸਟੋ, ਡੋਮ ਬੇਸ, ਸਟੂਅਰਟ ਬ੍ਰਾਡ, ਰੋਰੀ ਬਰਨਜ਼, ਜੈਕ ਕ੍ਰੈਲੀ, ਬੇਨ ਫੌਕਸ, ਡੈਨ ਲਾਰੇਂਸ, ਜੈਕ ਲੀਚ, ਓਲੀ ਪੋਪ, ਡੋਮ ਸਿਬੀਲੀ, ਬੇਨ ਸਟੋਕਸ, ਓਲੀ ਸਟੋਨ, ਕ੍ਰਿਸ ਵੋਕਸ, ਮਾਰਕ ਵੁੱਡ।