India Vs England 5th T20: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਬਹੁਤ ਹੀ ਦਿਲਚਸਪ ਮੋੜ ‘ਤੇ ਹੈ। ਚੌਥੇ ਟੀ-20 ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਸੀਰੀਜ਼ 2-2 ਨਾਲ ਬਰਾਬਰੀ ‘ਤੇ ਹੈ। ਅਜਿਹੇ ਵਿੱਚ ਸੀਰੀਜ਼ ਦੇ ਆਖਰੀ ਮੈਚ ਵਿੱਚ ਫਾਈਨਲ ਵਾਲੀ ਸਥਿਤੀ ਬਣ ਗਈ ਹੈ। ਦੋਵਾਂ ਹੀ ਟੀਮਾਂ ਦੀ ਨਜ਼ਰ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨ ‘ਤੇ ਰਹੇਗੀ । ਇਸ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਸਨ, ਪਰ ਚੌਥੇ ਮੈਚ ਵਿੱਚ ਟੀਮ ਇੰਡੀਆ ਟੀਚੇ ਦਾ ਬਚਾਅ ਕਰਨ ਵਿੱਚ ਸਫਲ ਰਹੀ। ਇਸ ਸੀਰੀਜ਼ ਵਿੱਚ ਭਾਰਤ ਨੇ ਦੋ ਮੁਕਾਬਲੇ ਜਿੱਤੇ, ਉਨ੍ਹਾਂ ਵਿੱਚ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ਾਂ ਦਾ ਬਹੁਤ ਯੋਗਦਾਨ ਰਿਹਾ। ਪਹਿਲੀ ਜਿੱਤ ਵਿੱਚ ਈਸ਼ਾਨ ਕਿਸ਼ਨ ਅਤੇ ਦੂਜੀ ਜਿੱਤ ਵਿੱਚ ਸੂਰਯਕੁਮਾਰ ਯਾਦਵ ਨੇ ਅਹਿਮ ਭੂਮਿਕਾ ਨਿਭਾਈ।
ਇਸ ਮੈਚ ਵਿੱਚ ਵੀ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੀ ਖਰਾਬ ਫਾਰਮ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਹੋਵੇਗੀ । ਹਾਲਾਂਕਿ, ਇਹ ਸਪੱਸ਼ਟ ਹੈ ਕਿ ਉਹ ਰੋਹਿਤ ਸ਼ਰਮਾ ਦੇ ਨਾਲ ਇਸ ਮੈਚ ਵਿੱਚ ਪਾਰੀ ਦੀ ਸ਼ੁਰੂਆਤ ਕਰਨਗੇ। ਰਾਹੁਲ ਨੇ ਇਸ ਸੀਰੀਜ਼ ਵਿੱਚ ਕ੍ਰਮਵਾਰ 01, 00, 00 ਅਤੇ 14 ਦੌੜਾਂ ਬਣਾਈਆਂ ਹਨ । ਇਹ ਉਸ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਖਰਾਬ ਸੀਰੀਜ਼ ਰਹੀ ਹੈ। ਇਸ ਦੇ ਬਾਵਜੂਦ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਪ੍ਰਬੰਧਨ ਨੂੰ ਉਸ ਦੀ ਪ੍ਰਤਿਭਾ ‘ਤੇ ਪੂਰਾ ਭਰੋਸਾ ਹੈ।
ਰਿਪੋਰਟ ਦੇ ਅਨੁਸਾਰ ਸੀਰੀਜ਼ ਦਾ ਫਾਈਨਲ ਮੁਕਾਬਲਾ ਵਿਕਟ ‘ਤੇ ਖੇਡਿਆ ਜਾ ਸਕਦਾ ਹੈ। ਦਰਅਸਲ, ਇਸ ਸੀਰੀਜ਼ ਦੇ ਪਹਿਲੇ ਅਤੇ ਤੀਜੇ ਮੁਕਾਬਲੇ ਵਿੱਚ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਮਦਦ ਮਿਲ ਰਹੀ ਸੀ, ਜਿਸ ਨਾਲ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ‘ਤੇ ਹਾਵੀ ਹੋ ਗਏ ਸਨ। ਪਰ ਚੌਥੇ ਮੈਚ ਵਿੱਚ ਪਿੱਚ ਬਹੁਤ ਹੌਲੀ ਸੀ, ਜਿਸ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਉਛਾਲ ਨਹੀਂ ਮਿਲ ਰਿਹਾ ਸੀ । ਪੰਜਵੇਂ ਟੀ-20 ਵਿੱਚ ਵੀ ਪਿੱਚ ਸਪਿਨਰਾਂ ਲਈ ਢੁੱਕਵੀਂ ਹੋ ਸਕਦੀ ਹੈ।
ਇੱਕ ਬਦਲਾਅ ਕਰ ਸਕਦੀ ਹੈ ਟੀਮ ਇੰਡੀਆ
ਚੌਥੇ ਟੀ-20 ਵਿੱਚ ਸ਼ਾਨਦਾਰ ਜਿੱਤ ਦੇ ਬਾਵਜੂਦ ਪੰਜਵੇਂ ਮੁਕਾਬਲੇ ਵਿੱਚ ਕਪਤਾਨ ਵਿਰਾਟ ਕੋਹਲੀ ਇੱਕ ਬਦਲਾਅ ਨਾਲ ਇੰਗਲੈਂਡ ਦੀ ਟੀਮ ਦਾ ਸਾਹਮਣਾ ਕਰ ਸਕਦੇ ਹਨ । ਖੱਬੇ ਹੱਥ ਦੇ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਆਈਪੀਐਲ 2020 ਵਿਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਰਾਹੁਲ ਤੇਵਤੀਆ ਨੂੰ ਇਸ ਮੈਚ ਵਿਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਜੇ ਕੋਹਲੀ ਨੇ ਫਾਈਨਲ ਵਿੱਚ ਤੇਵਤੀਆ ਨੂੰ ਮੌਕਾ ਨਹੀਂ ਦਿੰਦੇ ਤਾਂ ਸੁੰਦਰ ਦੀ ਜਗ੍ਹਾ ਯੁਜਵੇਂਦਰ ਚਾਹਲ ਦੀ ਟੀਮ ਵਿੱਚ ਵਾਪਸੀ ਹੋ ਸਕਦੀ ਹੈ।
ਮੋਇਨ ਅਲੀ ਨੂੰ ਮੌਕਾ ਦੇ ਸਕਦੀ ਹੈ ਹੈ ਇੰਗਲੈਂਡ ਦੀ ਟੀਮ
ਇੰਗਲੈਂਡ ਦੀ ਟੀਮ ਇਸ ਸੀਰੀਜ਼ ਵਿੱਚ ਹੁਣ ਤੱਕ ਸਿਰਫ ਇੱਕ ਸਪਿਨਰ ਨਾਲ ਖੇਡੀ ਹੈ। ਹਾਲਾਂਕਿ, ਫਾਈਨਲ ਮੈਚ ਵਿੱਚ ਉਹ ਮੋਇਨ ਅਲੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕਰ ਸਕਦੀ ਹੈ। ਮੋਇਨ ਨੂੰ ਸੈਮ ਕੁਰਨ ਦੀ ਜਗ੍ਹਾ ਮੌਕਾ ਮਿਲ ਸਕਦਾ ਹੈ। ਸੈਮ ਨੇ ਇਸ ਸੀਰੀਜ਼ ਵਿਚ ਹੁਣ ਤੱਕ ਔਸਤ ਪ੍ਰਦਰਸ਼ਨ ਕੀਤਾ ਹੈ।
ਟੀਮਾਂ ਇਸ ਤਰ੍ਹਾਂ ਹਨ:
ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਾਹੁਲ ਤੇਵਤੀਆ, ਟੀ ਨਟਰਾਜਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਨਵਦੀਪ ਸੈਣੀ ਅਤੇ ਸ਼ਾਰਦੂਲ ਠਾਕੁਰ।
ਇੰਗਲੈਂਡ ਦੀ ਟੀਮ: ਈਯਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫਰਾ ਆਰਚਰ, ਜੌਨੀ ਬੇਅਰਸਟੋ, ਸੈਮ ਬਿਲਿੰਗਜ਼, ਜੋਸ ਬਟਲਰ (ਵਿਕਟਕੀਪਰ), ਸੈਮ ਕੁਰਨ, ਟੌਮ ਕੁਰਨ, ਕ੍ਰਿਸ ਜੌਰਡਨ, ਲੀਅਮ ਲਿਵਿੰਗਸਟੋਨ, ਡੇਵਿਡ ਮਾਲਨ, ਆਦਿਲ ਰਾਸ਼ਿਦ, ਜੇਸਨ ਰਾਏ, ਬੇਨ ਸਟੋਕਸ , ਰੀਸ ਟੋਪਲੇ ਅਤੇ ਮਾਰਕ ਵੁਡ।