ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਤਿੰਨ ਵਨਡੇ ਰੋਜ਼ਾ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ ਕਿ ਮੰਗਲਵਾਰ ਨੂੰ ਖੇਡਿਆ ਜਾਵੇਗਾ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਖੇਡਿਆ ਜਾਵੇਗਾ । ਸ਼ਿਖਰ ਧਵਨ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਪਹਿਲਾ ਵਨਡੇ ਵਿੱਚ ਸੱਤ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ ।
ਅਜਿਹੀ ਸਥਿਤੀ ਵਿੱਚ ਹੁਣ ਭਾਰਤੀ ਟੀਮ ਦੂਜਾ ਮੈਚ ਜਿੱਤ ਕੇ ਇਸ ਸੀਰੀਜ਼ ਨੂੰ ਆਪਣੇ ਨਾਮ ਕਰਨਾ ਚਾਹੇਗੀ । ਉੱਥੇ ਹੀ ਦੂਜੇ ਪਾਸੇ ਦਸੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਦੀ ਟੀਮ ਦੂਜੇ ਵਨਡੇ ਵਿੱਚ ਜਿੱਤ ਹਾਸਿਲ ਕਰ ਕੇ ਸੀਰੀਜ਼ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰੇਗੀ।
ਦਰਅਸਲ, ਭਾਰਤ ਜੇਕਰ ਇਹ ਮੈਚ ਜਿੱਤ ਲੈਂਦਾ ਹੈ ਤਾਂ ਸ਼੍ਰੀਲੰਕਾ ਖਿਲਾਫ਼ ਉਨ੍ਹਾਂ ਦੀ ਇਹ ਲਗਾਤਾਰ 10ਵੀ ਵਨਡੇ ਸੀਰੀਜ਼ ਜਿੱਤ ਹੋਵੇਗੀ। ਟੀਮ ਇੰਡੀਆ 2005/06 ਤੋਂ ਸ਼੍ਰੀਲੰਕਾ ਖਿਲਾਫ਼ 9 ਸੀਰੀਜ਼ ਜਿੱਤ ਚੁੱਕੀ ਹੈ। ਉੱਥੇ ਹੀ ਸ਼੍ਰੀਲੰਕਾ ਖਿਲਾਫ਼ ਸਭ ਤੋਂ ਵੱਧ ਵਨਡੇ ਜਿੱਤਣ ਦੇ ਮਾਮਲੇ ਵਿੱਚ ਵੀ ਭਾਰਤ ਪਾਕਿਸਤਾਨ ਨੂੰ ਪਿੱਛੇ ਛੱਡ ਦੇਵੇਗਾ।
ਭਾਰਤ ਦੀ ਇਸ ਜਿੱਤ ਵਿੱਚ ਗੇਂਦਬਾਜ਼ਾਂ ਦੇ ਨਾਲ ਸਾਰੇ ਬੱਲੇਬਾਜ਼ਾਂ ਦੀ ਵੀ ਅਹਿਮ ਭੂਮਿਕਾ ਸੀ । ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾ ਨੇ ਸਿਰਫ 24 ਗੇਂਦਾਂ ਵਿੱਚ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ । ਇਸ ਦੇ ਨਾਲ ਹੀ ਕਪਤਾਨ ਸ਼ਿਖਰ ਧਵਨ 86 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਨੇ 59 ਅਤੇ ਚੌਥੇ ਨੰਬਰ ‘ਤੇ ਆਏ ਮਨੀਸ਼ ਪਾਂਡੇ ਨੇ 26 ਦੌੜਾਂ ਬਣਾਈਆਂ ਸਨ ।
ਭਾਰਤੀ ਟੀਮ: ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾ, ਈਸ਼ਾਨ ਕਿਸ਼ਨ (ਵਿਕਟਕੀਪਰ), ਮਨੀਸ਼ ਪਾਂਡੇ, ਸੂਰਯਕੁਮਾਰ ਯਾਦਵ, ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ।