ਕੋਲਕਾਤਾ ਦੇ ਈਡਨ ਗਾਰਡਨ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਰੋਹਿਤ ਬ੍ਰਿਗੇਡ ਨੇ ਇੱਕ ਫਿਰ ਜਿੱਤ ਹਾਸਿਲ ਕੀਤੀ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਦੂਜੇ ਟੀ-20 ਵਿੱਚ 8 ਦੌੜਾਂ ਨਾਲ ਜਿੱਤ ਹਾਸਿਲ ਕੀਤੀ । ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 2-0 ਦੀ ਬੜ੍ਹਤ ਬਣਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ । ਇਸ ਮੈਚ ਵਿੱਚ ਪਹਿਲਾਂ ਖੇਡਦਿਆਂ ਭਾਰਤ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 186 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਹੀ ਬਣਾ ਸਕੀ । ਵੈਸਟਇੰਡੀਜ਼ ਲਈ ਰੋਵਮੈਨ ਪਾਵੇਲ ਨੇ 36 ਗੇਂਦਾਂ ਵਿੱਚ ਨਾਬਾਦ 68 ਅਤੇ ਨਿਕੋਲਸ ਪੂਰਨ ਨੇ 41 ਗੇਂਦਾਂ ਵਿੱਚ 62 ਦੌੜਾਂ ਬਣਾਈਆਂ ।
ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਨੂੰ ਆਖਰੀ 3 ਓਵਰਾਂ ਵਿੱਚ ਜਿੱਤ ਲਈ 37 ਦੌੜਾਂ ਦੀ ਲੋੜ ਸੀ । ਆਖਰੀ ਓਵਰ ਵਿੱਚ ਹਰਸ਼ਲ ਪਟੇਲ ਗੇਂਦਬਾਜ਼ੀ ਕਰਨ ਆਏ। ਰੋਵਮੈਨ ਪਾਵੇਲ ਨੇ ਹਰਸ਼ਲ ਪਟੇਲ ਦੀ ਤੀਜੀ ਅਤੇ ਚੌਥੀ ਗੇਂਦ ‘ਤੇ ਛੱਕਾ ਜੜ ਕੇ ਮੈਚ ਨੂੰ ਰੋਮਾਂਚਕ ਮੋੜ ‘ਤੇ ਪਹੁੰਚਾਇਆ, ਪਰ ਹਰਸ਼ਲ ਨੇ ਅਗਲੀ ਗੇਂਦ ਨੂੰ ਹੌਲੀ ਕਰ ਦਿੱਤਾ । ਰੋਵਮੈਨ ਇਸ ਗੇਂਦ ‘ਤੇ ਸਿਰਫ਼ ਇੱਕ ਦੌੜ ਹੀ ਬਣਾ ਸਕਿਆ । ਪੋਲਾਰਡ ਵੀ ਆਖਰੀ ਗੇਂਦ ‘ਤੇ ਸਿਰਫ ਇੱਕ ਦੌੜ ਹੀ ਲੈ ਸਕਿਆ।
ਇਹ ਵੀ ਪੜ੍ਹੋ: ਚੋਣਾਂ ਤੋਂ 2 ਦਿਨ ਪਹਿਲਾਂ PM ਮੋਦੀ ਨੇ ਦੇਸ਼ ਦੇ ਵੱਡੇ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ (ਤਸਵੀਰਾਂ)
ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਲਈ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੇ ਅਰਧ ਸੈਂਕੜੇ ਲਗਾਏ । ਇਸ ਮੈਚ ਵਿੱਚ ਰਿਸ਼ਭ ਨੂੰ ਮੈਨ ਔਫ਼ ਦ ਮੈਚ ਚੁਣਿਆ ਗਿਆ । ਰਿਸ਼ਭ ਪੰਤ ਨੇ ਵੈਂਕਟੇਸ਼ ਅਈਅਰ ਨਾਲ ਮਿਲ ਕੇ 5ਵੇਂ ਵਿਕਟ ਲਈ 35 ਗੇਂਦਾਂ ਵਿੱਚ 76 ਦੌੜਾਂ ਦੀ ਸਾਂਝੇਦਾਰੀ ਕੀਤੀ । ਵੈਂਕਟੇਸ਼ ਅਈਅਰ 18 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਆਊਟ ਹੋ ਗਏ, ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 4 ਚੌਕੇ ਅਤੇ 1 ਛੱਕਾ ਲਗਾਇਆ। ਰਿਸ਼ਭ ਪੰਤ 28 ਗੇਂਦਾਂ ‘ਤੇ 52 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 7 ਚੌਕੇ ਅਤੇ 1 ਛੱਕਾ ਲਗਾਏ।
ਦੱਸ ਦੇਈਏ ਕਿ ਭਾਰਤੀ ਟੀਮ ਨੇ ਇਸ ਜਿੱਤ ਦੇ ਨਾਲ ਟੀ-20 ਫਾਰਮੈਟ ਵਿੱਚ ਆਪਣੀ ਜਿੱਤ ਦਾ ਸੈਂਕੜਾ ਵੀ ਪੂਰਾ ਕਰ ਲਿਆ। ਭਾਰਤੀ ਟੀਮ 100 ਅੰਤਰਰਾਸ਼ਟਰੀ ਟੀ-20 ਮੁਕਾਬਲੇ ਜਿੱਤਣ ਵਾਲੀ ਦੂਜੀ ਟੀਮ ਬਣੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ 100 ਅੰਤਰਰਾਸ਼ਟਰੀ ਟੀ-20 ਮੁਕਾਬਲੇ ਜਿੱਤਣ ਵਾਲੀ ਪਹਿਲੀ ਟੀਮ ਬਣੀ ਸੀ।
ਵੀਡੀਓ ਲਈ ਕਲਿੱਕ ਕਰੋ -: