ਭਾਰਤ ਨੇ ਪੰਜਵੇਂ ਅਤੇ ਆਖਰੀ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 88 ਦੌੜਾਂ ਨਾਲ ਮਾਤ ਦਿੱਤੀ । ਇਸ ਤਰ੍ਹਾਂ ਭਾਰਤ ਨੇ 5 ਟੀ-20 ਮੈਚਾਂ ਦੀ ਸੀਰੀਜ਼ ‘ਤੇ 4-1 ਨਾਲ ਕਬਜ਼ਾ ਕਰ ਲਿਆ । ਭਾਰਤੀ ਆਲਰਾਊਂਡਰ ਅਕਸ਼ਰ ਪਟੇਲ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ, ਜਦਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਦਰਅਸਲ, ਇਸ ਮੈਚ ਵਿੱਚ ਨਿਯਮਿਤ ਭਾਰਤੀ ਕਪਤਾਨ ਰੋਹਿਤ ਸ਼ਰਮਾ ਨਹੀਂ ਖੇਡ ਰਹੇ ਸਨ । ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਹਾਰਦਿਕ ਪੰਡਯਾ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ।
ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 188 ਦੌੜਾਂ ਬਣਾਈਆਂ । ਭਾਰਤ ਲਈ ਸ਼੍ਰੇਅਸ ਅਈਅਰ ਨੇ 40 ਗੇਂਦਾਂ ਵਿੱਚ 64 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦੀਪਕ ਹੁੱਡਾ ਨੇ 38 ਅਤੇ ਕਪਤਾਨ ਹਾਰਦਿਕ ਪੰਡਯਾ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਦਿਨੇਸ਼ ਕਾਰਤਿਕ ਸਮੇਤ ਬਾਕੀ ਬੱਲੇਬਾਜ਼ ਜ਼ਿਆਦਾ ਕੁਝ ਨਹੀਂ ਕਰ ਸਕੇ । ਵੈਸਟਇੰਡੀਜ਼ ਲਈ ਓਡੀਅਨ ਸਮਿਥ ਸਭ ਤੋਂ ਸਫਲ ਗੇਂਦਬਾਜ਼ ਰਹੇ । ਉਸ ਨੇ 4 ਓਵਰਾਂ ਵਿੱਚ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਉੱਥੇ ਹੀ ਦੂਜੇ ਪਾਸੇ ਭਾਰਤ ਦੇ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 15.4 ਓਵਰਾਂ ਵਿੱਚ ਸਿਰਫ 100 ਦੌੜਾਂ ‘ਤੇ ਹੀ ਢੇਰ ਹੋ ਗਈ । ਵੈਸਟਇੰਡੀਜ਼ ਲਈ ਸ਼ਿਮਰੋਨ ਹੇਟਮਾਇਰ ਨੇ 35 ਗੇਂਦਾਂ ਵਿੱਚ 56 ਦੌੜਾਂ ਦਾ ਯੋਗਦਾਨ ਦਿੱਤਾ । ਇਸ ਤੋਂ ਇਲਾਵਾ ਵੈਸਟਇੰਡੀਜ਼ ਦੇ 5 ਬੱਲੇਬਾਜ਼ ਆਪਣਾ ਖਾਤਾ ਖੋਲ੍ਹੇ ਬਿਨ੍ਹਾਂ ਹੀ ਆਊਟ ਹੋ ਗਏ । ਭਾਰਤ ਲਈ ਰਵੀ ਬਿਸ਼ਨੋਈ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ । ਇਸ ਦੇ ਨਾਲ ਹੀ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੇ 3-3 ਵਿਕਟਾਂ ਆਪਣੇ ਨਾਮ ਕੀਤੀਆਂ।
ਦੋਨੋਂ ਟੀਮਾਂ ਦੀ ਪਲੇਇੰਗ -11:
ਭਾਰਤ: ਹਾਰਦਿਕ ਪੰਡਯਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵੀ ਬਿਸ਼ਨੋਈ, ਅਵੇਸ਼ ਖਾਨ, ਅਰਸ਼ਦੀਪ ਸਿੰਘ।
ਵੈਸਟ ਇੰਡੀਜ਼ : ਐੱਸ. ਬਰੂਕਸ, ਨਿਕੋਲਸ ਪੂਰਨ, ਰੋਵਮਨ ਪਾਵੇਲ, ਸ਼ਿਮਰੋਨ ਹੇਟਮਾਇਰ, ਡੇਵੋਨ ਥਾਮਸ, ਓਡੀਓਨ ਸਮਿਥ, ਜੇਸਨ ਹੋਲਡਰ, ਕੀਮੋ ਪਾਲ, ਹੇਡਨ ਵਾਲਸ਼, ਡੋਮਿਨਿਕ ਡਰੇਕਸ, ਓਬੇਡ ਮੈਕਕੋਏ।
ਵੀਡੀਓ ਲਈ ਕਲਿੱਕ ਕਰੋ -: