India wicketkeeper Parthiv Patel: ਨਵੀਂ ਦਿੱਲੀ: ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਬੁੱਧਵਾਰ ਨੂੰ ਆਪਣੇ 18 ਸਾਲ ਦੇ ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈ ਲਿਆ ਹੈ । ਪਾਰਥਿਵ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਅੱਜ ਉਹ ਸਾਰੇ ਕ੍ਰਿਕਟ ਫਾਰਮੈਟਾਂ ਤੋਂ ਸੰਨਿਆਸ ਲੈ ਰਹੇ ਹਨ । 35 ਸਾਲਾਂ ਪਾਰਥਿਵ ਨੇ ਭਾਰਤ ਲਈ 25 ਟੈਸਟ, 38 ਵਨਡੇ ਅਤੇ ਦੋ ਟੀ-20 ਮੈਚ ਖੇਡੇ ਹਨ । ਪਾਰਥਿਵ ਨੇ ਘਰੇਲੂ ਕ੍ਰਿਕਟ ਵਿੱਚ ਗੁਜਰਾਤ ਲਈ ਖੇਡਦਿਆਂ 194 ਪਹਿਲੇ ਦਰਜੇ ਦੇ ਮੈਚ ਖੇਡੇ ਹਨ।
ਪਾਰਥਿਵ ਪਟੇਲ ਨੇ ਸਾਲ 2002 ਵਿੱਚ ਭਾਰਤੀ ਕ੍ਰਿਕਟ ਟੀਮ ਵਿੱਚ ਡੈਬਿਊ ਕੀਤਾ ਸੀ ਅਤੇ ਇਸਦੇ ਨਾਲ ਹੀ ਉਹ ਟੈਸਟ ਕ੍ਰਿਕਟ ਵਿੱਚ ਡੈਬਿਊ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਕਟਕੀਪਰ ਬਣੇ । ਉਸਨੇ 17 ਸਾਲ 153 ਦਿਨ ਦੀ ਉਮਰ ਵਿੱਚ ਸ਼ੁਰੂਆਤ ਕੀਤੀ। ਪਾਰਥਿਵ ਨੇ ਟੈਸਟ ਕ੍ਰਿਕਟ ਵਿੱਚ 31.13 ਦੀ ਔਸਤ ਨਾਲ 934 ਦੌੜਾਂ ਬਣਾਈਆਂ ਹਨ । ਇਸ ਦੇ ਨਾਲ ਹੀ ਵਨਡੇ ਮੈਚਾਂ ਵਿੱਚ ਉਸ ਨੇ 23.7 ਔਸਤ ਨਾਲ 736 ਦੌੜਾਂ ਬਣਾਈਆਂ ਹਨ । ਇਸ ਤੋਂ ਇਲਾਵਾ ਟੈਸਟ ਵਿੱਚ ਵਿਕਟਕੀਪਰ ਵਜੋਂ ਉਸਨੇ 62 ਕੈਚ ਫੜੇ ਅਤੇ 10 ਸਟੰਪਿੰਗ ਕੀਤੀਆਂ । ਪਾਰਥਿਵ ਦੇ ਕਰੀਅਰ ਦੀ ਸ਼ੁਰੂਆਤ ਚੰਗੀ ਸੀ, ਪਰ 2004 ਵਿੱਚ ਦਿਨੇਸ਼ ਕਾਰਤਿਕ ਅਤੇ ਮਹਿੰਦਰ ਸਿੰਘ ਧੋਨੀ ਦੇ ਆਉਣ ਤੋਂ ਬਾਅਦ ਉਸਨੇ ਆਪਣਾ ਸਥਾਨ ਗੁਆ ਦਿੱਤਾ ।
ਦਰਅਸਲ, ਪਾਰਥਿਵ ਟੀਮ ਵਿੱਚ ਆਪਣਾ ਸਥਾਨ ਪੱਕਾ ਕਰਨ ਵਿੱਚ ਅਸਫਲ ਰਿਹਾ ਅਤੇ ਰਿਧੀਮਾਨ ਸਾਹਾ ਟੈਸਟ ਵਿਚ ਪਹਿਲੀ ਪਸੰਦ ਬਣ ਗਿਆ। ਇਸ ਤੋਂ ਬਾਅਦ ਅਹਿਮਦਾਬਾਦ ਦੇ ਇਸ ਕ੍ਰਿਕਟਰ ਲਈ ਚੀਜ਼ਾਂ ਹੋਰ ਚੁਣੌਤੀਪੂਰਨ ਬਣ ਗਈਆਂ। ਹਾਲਾਂਕਿ, ਪਾਰਥਿਵ ਨੇ ਕਦੇ ਹਾਰ ਨਹੀਂ ਮੰਨੀ। ਉਹ ਇੰਡੀਅਨ ਪ੍ਰੀਮੀਅਰ ਲੀਗ ਅਤੇ ਘਰੇਲੂ ਸਰਕਟ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਰਿਹਾ।
ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਪਾਰਥਿਵ ਪਟੇਲ ਨੇ ਆਪਣੇ ਟਵਿੱਟਰ ‘ਤੇ ਸਾਬਕਾ ਕਪਤਾਨ ਅਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਧੰਨਵਾਦ ਕੀਤਾ, ਜਿਸ ਦੀ ਕਪਤਾਨੀ ਹੇਠ ਪਟੇਲ ਨੇ ਆਪਣੀ ਸ਼ੁਰੂਆਤ ਕੀਤੀ । ਉਨ੍ਹਾਂ ਲਿਖਿਆ, “ਮੈਂ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਵੱਖ ਹੋ ਰਿਹਾ ਹਾਂ। ਆਪਣੇ 18 ਸਾਲਾਂ ਦੇ ਕ੍ਰਿਕਟ ਯਾਤਰਾ ਨੂੰ ਭਾਰੀ ਦਿਲ ਨਾਲ ਖ਼ਤਮ ਕਰ ਰਿਹਾ ਹਾਂ।” ਪਾਰਥਿਵ ਨੇ ਕਿਹਾ,“ ਮੈਨੂੰ ਇਸ ਗੱਲ ਤੋਂ ਰਾਹਤ ਮਿਲੀ ਹੈ ਕਿ ਮੈਂ ਮਾਣ, ਖੇਡ ਅਤੇ ਆਪਸੀ ਸਦਭਾਵਨਾ ਨਾਲ ਖੇਡਿਆ ਹੈ । ਮੈਂ ਜਿੰਨੇ ਸੁਪਨੇ ਦੇਖੇ ਸਨ, ਉਸ ਤੋਂ ਜ਼ਿਆਦਾ ਪੂਰੇ ਹੋਏ। ਮੈਨੂੰ ਉਮੀਦ ਹੈ ਕਿ ਮੈਨੂੰ ਯਾਦ ਕੀਤਾ ਜਾਵੇਗਾ।”
ਇਸ ਤੋਂ ਅੱਗੇ ਪਾਰਥਿਵ ਪਟੇਲ ਨੇ ਲਿਖਿਆ, “ਮੈਂ ਖ਼ਾਸਕਰ ਆਪਣੇ ਪਹਿਲੇ ਕਪਤਾਨ ਦਾਦਾ ਦਾ ਕਰਜ਼ਦਾਰ ਹਾਂ, ਜਿਨ੍ਹਾਂ ਨੇ ਮੇਰੇ ‘ਤੇ ਬਹੁਤ ਭਰੋਸਾ ਜਤਾਇਆ।” ਇਸ ਦੇ ਨਾਲ ਹੀ ਉਸਨੇ ਬੀਸੀਸੀਆਈ ਦਾ ਧੰਨਵਾਦ ਵੀ ਕੀਤਾ । ਉਸਨੇ ਲਿਖਿਆ, “ਬੀਸੀਸੀਆਈ ਨੇ ਉਸ ਨੂੰ 17 ਸਾਲ ਦੀ ਉਮਰ ਵਿੱਚ ਖੇਡਣ ਦਾ ਮੌਕਾ ਦਿੱਤਾ, ਮੈਂ ਉਸ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਰਹਾਂਗਾ।”
ਦੱਸ ਦੇਈਏ ਕਿ ਪਾਰਥਿਵ ਪਟੇਲ ਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ ਚਾਰ ਸਾਲ ਪਹਿਲਾਂ ਫਰਵਰੀ 2016 ਵਿੱਚ ਖੇਡਿਆ ਸੀ । ਉਸ ਨੇ ਜ਼ਖਮੀ ਧੋਨੀ ਦੇ ਸਟੈਂਡਬਾਏ ਵਜੋਂ ਟੀਮ ਵਿੱਚ ਜਗ੍ਹਾ ਹਾਸਿਲ ਕੀਤੀ ਸੀ । 2016–17 ਵਿੱਚ ਰਣਜੀ ਟਰਾਫੀ ਦਾ ਖ਼ਿਤਾਬ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਇੰਗਲੈਂਡ ਖ਼ਿਲਾਫ਼ ਟੈਸਟ ਟੀਮ ਵਿੱਚ ਰਿਧੀਮਾਨ ਸਾਹਾ ਦੇ ਸੱਟ ਲੱਗਣ ਤੋਂ ਬਾਅਦ ਬੁਲਾਇਆ ਗਿਆ ਸੀ। ਪਾਰਥਿਵ ਆਈਪੀਐਲ 2020 ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਦਾ ਹਿੱਸਾ ਸੀ । ਹਾਲਾਂਕਿ, ਉਸ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।