ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਗੋਲਡ ਜਿੱਤਿਆ ਹੈ। ਮਲੇਸ਼ੀਆ ਦੇ ਸ਼ਾਹ ਆਲਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਥਾਈਲੈਂਡ ਨੂੰ 3-2 ਨਾਲ ਹਰਾਇਆ।
ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਨੂੰ ਜਿੱਤਿਆਹੈ। ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਤਮਗਾ ਨਹੀਂ ਜਿੱਤਿਆ ਸੀ। ਪੀਵੀ ਸਿੰਧੂ, ਗਾਇਤਰੀ ਗੋਪੀਚੰਦ-ਟ੍ਰੀਸਾ ਜਾਲੀ ਤੇ ਅਨਮੋਲ ਖਰਬ ਨੇ ਫਾਈਨਲ ਮੁਕਾਬਲੇ ਦੌਰਾਨ ਆਪਣੇ-ਆਪਣੇ ਮੈਚ ਜਿੱਤੇ। ਫਾਈਨਲ ਮੈਚ ਦੌਰਾਨ ਪਹਿਲਾ ਮੈਚ ਪੀਵੀ ਸਿੰਧੂ ਤੇ ਸੁਪਾਨਿਦਾ ਕੇਟੇਥੋਂਗ ਵਿਚ ਹੋਇਆ। ਸੱਟ ਤੋਂ ਉਭਰਨ ਦੇ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਪੀਵੀ ਸਿੰਧੂ ਨੇ ਸੁਪਾਨਿਦਾ ਕੇਟੇਥੋਂਗ ਨੂੰ 21-12, 21-12 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਸਿੰਧੂ-ਸੁਪਾਨਿਦਾ ਦਾ ਮੁਕਾਬਲਾ 39 ਮਿੰਟ ਤੱਕ ਚੱਲਿਆ। ਫਿਰ ਗਾਇਤਰੀ ਗੋਪੀਚੰਦ ਤੇ ਟ੍ਰੀਸਾ ਜਾਲੀ ਨੇ ਡਬਲਜ਼ ਮੁਕਾਬਲੇ ਵਿਚ ਜੋਂਗਕੋਲਫਾਮ ਕਿਤਿਥਾਰਾਕੁਲ ਤੇ ਰਾਵਵਿੰਡਾ ਪ੍ਰਾਜੋਂਗਜਾਲ ਨੂੰ 21-16, 18-21, 21-16 ਨਾਲ ਹਰਾ ਕੇ ਭਾਰਤ ਨੂੰ 2-0 ਤੋਂ ਅੱਗੇ ਕਰ ਦਿੱਤਾ।
ਇਹ ਵੀ ਪੜ੍ਹੋ : DC ਲੁਧਿਆਣਾ ਵੱਲੋਂ ਪਾਬੰਦੀ ਹੁਕਮ ਜਾਰੀ, ਪ੍ਰੀਖਿਆ ਕੇਂਦਰਾਂ ਦੇ ਬਾਹਰ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਮਨਾਹੀ
ਹਾਲਾਂਕਿ ਅਸਿਮਤਾ ਚਾਲਿਹਾ ਨੂੰ ਬੁਸਾਨਨ ਓਂਗਬਾਮਰੂੰਗਫਾਨ ਦੇ ਹੱਥੋਂ 11-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਦੂਜੇ ਡਬਲਜ਼ ਮੁਕਾਬਲੇ ਵਿਚ ਸ਼ਰੂਤੀ-ਪ੍ਰਿਆ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਸਕੋਰ 2-2 ਹੋ ਗਿਆ। ਇਸ ਦੇ ਬਾਅਦ 16 ਸਾਲ ਦੀ ਅਨਮੋਲ ਖਰਬ ਨੇ ਫੈਸਲਾਕੁੰਨ ਮੈਚ ਵਿਚ ਪੋਰਨਪਿਚਾ ਚੋਇਕੀਵੋਂਗ ਖਿਲਾਫ 21-14, 21-9 ਨਾਲ ਜਿੱਤ ਹਾਸਲ ਕਰਕੇ ਭਾਰਤ ਨੂੰ ਚੈਂਪੀਅਨ ਬਣਾ ਦਿੱਤਾ। ਅਨਮੋਲ ਦੀ ਵਰਲਡ ਰੈਂਕਿੰਗ 472 ਹੈ ਤੇ ਚੋਈਕੀਵੋਂਗ 45ਵੇਂ ਸਥਾਨ ‘ਤੇ ਹੈ।