IPL 2021 RCB vs DC: ਆਈਪੀਐਲ 2021 ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੰਗਲਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਦਿੱਲੀ ਕੈਪਿਟਲਸ ਨੂੰ 1 ਦੌੜ ਨਾਲ ਹਰਾਇਆ । ਇਸ ਦੇ ਨਾਲ ਹੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਆਈਪੀਐਲ ਦੇ ਪੁਆਇੰਟ ਟੇਬਲ ਵਿੱਚ ਚੋਟੀ ‘ਤੇ ਪਹੁੰਚ ਗਈ ਹੈ। ਦਿੱਲੀ ਦੀ ਟੀਮ ਨੂੰ ਆਖਰੀ ਓਵਰ ਵਿੱਚ ਜਿੱਤ ਲਈ 6 ਗੇਂਦਾਂ ਵਿੱਚ 14 ਦੌੜਾਂ ਦੀ ਜ਼ਰੂਰਤ ਸੀ ਅਤੇ ਕ੍ਰੀਜ਼ ‘ਤੇ ਹੇਟਮਾਇਰ ਅਤੇ ਪੰਤ ਮੌਜੂਦ ਸਨ ਪਰ ਇਹ ਦੋਵੇਂ ਬੱਲੇਬਾਜ਼ ਸਿਰਫ 12 ਦੌੜਾਂ ਹੀ ਬਣਾ ਸਕੇ । ਬੈਂਗਲੁਰੂ ਵੱਲੋਂ ਆਖ਼ਰੀ ਓਵਰ ਗੇਂਦਬਾਜ਼ੀ ਕਰਨ ਆਏ ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਸਿਰਫ 12 ਦੌੜਾਂ ਦਿੱਤੀਆਂ । ਦਿੱਲੀ ਕੈਪਿਟਲਸ ਦੀ ਇਸ ਸੀਜ਼ਨ ਵਿੱਚ ਇਹ ਦੂਜੀ ਹਾਰ ਹੈ। ਬੈਂਗਲੁਰੂ ਦੀ ਟੀਮ ਦੀ ਇਹ ਪੰਜਵੀਂ ਜਿੱਤ ਹੈ। ਉਸ ਦੇ 10 ਅੰਕ ਹਨ।
ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਸ਼ੁਰੂਆਤ ਖਰਾਬ ਰਹੀ। ਉਸਦੀਆਂ 2 ਵਿਕਟਾਂ 30 ਦੌੜਾਂ ਦੇ ਅੰਦਰ ਡਿੱਗ ਪਈਆਂ। ਵਿਰਾਟ ਕੋਹਲੀ 12, ਪਡਿਕਲ 17 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮੈਕਸਵੈੱਲ ਨੇ ਕੁਝ ਚੰਗੇ ਸ਼ਾਟ ਲਗਾਏ, ਪਰ ਉਹ ਜ਼ਿਆਦਾ ਦੇਰ ਤੱਕ ਟਿਕ ਨਾ ਸਕਿਆ ਅਤੇ 25 ਦੌੜਾਂ ਬਣਾ ਕੇ ਆਊਟ ਹੋ ਗਿਆ । ਉਸ ਦੇ ਆਊਟ ਹੋਣ ਤੋਂ ਬਾਅਦ ਰਜਤ ਪਾਟੀਦਾਰ ਵੀ ਇੱਕ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿੱਚ 31 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ।
ਜਿਸ ਤੋਂ ਬਾਅਦ ਬੈਂਗਲੁਰੂ ਦੀ ਟੀਮ ਨੂੰ ਮੁਸ਼ਕਿਲ ਸਮੇਂ ਵਿੱਚ ਡਿਵਿਲੀਅਰਜ਼ ਨੇ ਸੰਭਾਲਿਆ ਅਤੇ 42 ਗੇਂਦਾਂ ਵਿੱਚ 75 ਦੌੜਾਂ ਦੀ ਤੂਫਾਨੀ ਪਾਰੀ ਖੇਡੀ । ਇਸ ਪਾਰੀ ਦੌਰਾਨ ਉਸਨੇ 3 ਚੌਕੇ ਅਤੇ ਪੰਜ ਛੱਕੇ ਮਾਰੇ । ਜਿਸ ਦੀ ਸਹਾਇਤਾ ਨਾਲ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ । ਦਿੱਲੀ ਵੱਲੋਂ ਇਸ ਸੀਜ਼ਨ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਇਸ਼ਾਂਤ ਸ਼ਰਮਾ, ਕਾਗੀਸੋ ਰਬਾਡਾ, ਆਵੇਸ਼ ਖਾਨ, ਅਮਿਤ ਮਿਸ਼ਰਾ ਅਤੇ ਅਕਸ਼ਰ ਪਟੇਲ ਨੇ ਇੱਕ-ਇੱਕ ਵਿਕਟ ਲਈ।
RCB ਤੋਂ ਮਿਲੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ 47 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਬੈਠੀ । ਇਨ੍ਹਾਂ ਤਿੰਨ ਵਿਕਟਾਂ ਵਿੱਚ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾ (21), ਸ਼ਿਖਰ ਧਵਨ (6) ਅਤੇ ਸਟੀਵ ਸਮਿਥ (4) ਦੀਆਂ ਵਿਕਟਾਂ ਸ਼ਾਮਿਲ ਹਨ । ਇਸ ਤੋਂ ਬਾਅਦ ਕਪਤਾਨ ਨੇ ਮਾਰਕਸ ਸਟੋਨੀਸ (22) ਨਾਲ ਚੌਥੇ ਵਿਕਟ ਲਈ 34 ਗੇਂਦਾਂ ਵਿੱਚ 45 ਦੌੜਾਂ ਦੀ ਸਾਂਝੇਦਾਰੀ ਕੀਤੀ । ਸਟੋਨੀਸ ਦੇ ਆਊਟ ਹੋਣ ਤੋਂ ਬਾਅਦ ਪੰਤ ਨੇ ਇੱਕ ਸਿਰੇ ਨੂੰ ਸੰਭਾਲਿਆ ਅਤੇ ਹੇਟਮੇਅਰ ਨਾਲ 44 ਗੇਂਦਾਂ ਵਿਚ ਨਾਬਾਦ 78 ਦੌੜਾਂ ਦੀ ਸਾਂਝੇਦਾਰੀ ਕੀਤੀ।