IPL 2021 SRH vs DC: ਸਨਰਾਈਜ਼ਰਸ ਹੈਦਰਾਬਾਦ ਅਤੇ ਦਿੱਲੀ ਕੈਪਿਟਲਸ ਵਿਚਾਲੇ ਚੇੱਨਈ ਦੇ ਐਮ.ਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ ਆਈਪੀਐੱਲ 2021 ਦਾ 19ਵਾਂ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਅੰਤ ਵਿੱਚ ਸੁਪਰ ਓਵਰ ਵਿੱਚ ਦਿੱਲੀ ਨੂੰ ਜਿੱਤ ਮਿਲੀ। ਦਰਅਸਲ, ਦਿੱਲੀ ਨੇ ਪਹਿਲਾਂ ਖੇਡਦਿਆਂ ਹੋਇਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ ਸਨ । ਇਸ ਦੇ ਜਵਾਬ ਵਿੱਚ ਹੈਦਰਾਬਾਦ ਨੇ ਵੀ ਨਿਰਧਾਰਤ ਓਵਰਾਂ ਵਿੱਚ 7 ਵਿਕਟਾਂ ‘ਤੇ 159 ਦੌੜਾਂ ਬਣਾਈਆਂ । ਇਸ ਤੋਂ ਬਾਅਦ ਮੈਚ ਦਾ ਨਤੀਜਾ ਕੱਢਣ ਲਈ ਸੁਪਰ ਓਵਰ ਖੇਡਿਆ ਗਿਆ।
ਸੁਪਰ ਓਵਰ ਵਿੱਚ ਹੈਦਰਾਬਾਦ ਦੇ ਲਈ ਕੇਨ ਵਿਲੀਅਮਸਨ ਅਤੇ ਡੇਵਿਡ ਵਾਰਨਰ ਓਪਨਿੰਗ ਕਰਨ ਆਏ। ਉੱਥੇ ਹੀ ਦਿੱਲੀ ਨੇ ਗੇਂਦ ਅਕਸ਼ਰ ਪਟੇਲ ਨੂੰ ਸੌਂਪ ਦਿੱਤੀ । ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ਼ 8 ਦੌੜਾਂ ਦਿੱਤੀਆਂ । ਹਾਲਾਂਕਿ, ਰੋਮਾਂਚ ਇੱਥੇ ਖ਼ਤਮ ਨਹੀਂ ਹੋਇਆ। ਬਾਅਦ ਵਿੱਚ ਇਹ ਪਤਾ ਚੱਲਿਆ ਕਿ ਹੈਦਰਾਬਾਦ ਨੇ ਇੱਕ ਸ਼ਾਰਟ ਰਨ ਲਿਆ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਇੱਕ ਦੌੜ ਘੱਟ ਗਈ। ਇਸ ਤਰ੍ਹਾਂ ਸੁਪਰ ਓਵਰ ਵਿੱਚ ਦਿੱਲੀ ਨੂੰ 8 ਦੌੜਾਂ ਦਾ ਟੀਚਾ ਮਿਲਿਆ । ਕਪਤਾਨ ਰਿਸ਼ਭ ਪੰਤ ਅਤੇ ਸ਼ਿਖਰ ਧਵਨ ਦਿੱਲੀ ਦੀ ਸ਼ੁਰੂਆਤ ਕਰਨ ਪਹੁੰਚੇ। ਹਾਲਾਂਕਿ, ਦਿੱਲੀ ਨੇ ਆਖਰੀ ਗੇਂਦ ‘ਤੇ ਜਿੱਤ ਹਾਸਿਲ ਕੀਤੀ। ਇਸ ਸੀਜ਼ਨ ਵਿੱਚ ਪੰਜ ਮੈਚਾਂ ਵਿੱਚ ਇਹ ਦਿੱਲੀ ਦੀ ਚੌਥੀ ਜਿੱਤ ਹੈ । ਇਸਦੇ ਨਾਲ ਉਹ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ।
ਇਸ ਮੁਕਾਬਲੇ ਵਿੱਚ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਸੀ। ਉਸਦੇ ਕਪਤਾਨ ਡੇਵਿਡ ਵਾਰਨਰ (6) ਦੀ ਵਿਕਟ 28 ਦੇ ਕੁੱਲ ਸਕੋਰ ‘ਤੇ ਡਿੱਗ ਗਈ । ਜੋਨੀ ਬੇਅਰਸਟੋ (38) ਨੇ ਹਾਲਾਂਕਿ ਇਸਦੇ ਬਾਅਦ ਖੁੱਲ੍ਹ ਕੇ ਆਪਣੇ ਹੱਥ ਵਿਖਾਏ ਅਤੇ ਸਕੋਰ 50 ਤੋਂ ਪਾਰ ਪਹੁੰਚਾ ਦਿੱਤਾ । ਪਰ 54 ਦੇ ਕੁੱਲ ਸਕੋਰ ‘ਤੇ ਆਵੇਸ਼ ਖਾਨ ਨੇ ਜੌਨੀ ਨੂੰ ਆਊਟ ਕਰ ਹੈਦਰਾਬਾਦ ਨੂੰ ਦੂਜਾ ਝਟਕਾ ਦਿੱਤਾ । ਜੌਨੀ ਨੇ 18 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕੇ ਅਤੇ ਚਾਰ ਛੱਕੇ ਲਗਾਏ ।
ਇਸ ਤੋਂ ਪਹਿਲਾਂ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਦੀ ਹੌਲੀ ਪਿੱਚ ‘ਤੇ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਪ੍ਰਿਥਵੀ ਸ਼ਾ ਨੇ ਟੀਮ ਨੂੰ ਤੂਫਾਨੀ ਸ਼ੁਰੂਆਤ ਦਿੱਤੀ । ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਨੇ 26 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਪ੍ਰਿਥਵੀ ਸ਼ਾ ਨੇ 39 ਗੇਂਦਾਂ ਵਿੱਚ 53 ਦੌੜਾਂ ਬਣਾਈਆਂ । ਇਸ ਦੌਰਾਨ ਉਸਨੇ ਆਪਣੇ ਬੱਲੇ ਨਾਲ ਸੱਤ ਚੌਕੇ ਅਤੇ ਇੱਕ ਛੱਕਾ ਮਾਰਿਆ । ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਰਿਸ਼ਭ ਪੰਤ ਨੇ 37 ਦੌੜਾਂ ਦੀ ਪਾਰੀ ਖੇਡੀ । ਉਸਨੇ ਚਾਰ ਚੌਕੇ ਅਤੇ ਇੱਕ ਛੱਕਾ ਮਾਰਿਆ ।