IPL 2022 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਮਾਤ ਦਿੱਤੀ । ਕੋਲਕਾਤਾ ਨੇ ਆਰਸੀਬੀ ਨੂੰ ਜਿੱਤ ਲਈ 129 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸਦੇ ਜਵਾਬ ਵਿੱਚ ਆਰਸੀਬੀ ਨੇ 19.2 ਓਵਰਾਂ ਵਿੱਚ ਹੀ ਜਿੱਤ ਹਾਸਿਲ ਕਰ ਲਈ । ਅੰਤ ਵਿੱਚ ਦਿਨੇਸ਼ ਕਾਰਤਿਕ ਨੇ ਚੌਕਾ ਲਗਾ ਕੇ ਜਿੱਤ ਦਿਵਾਈ। ਉਸ ਨੇ 7 ਗੇਂਦਾਂ ਵਿੱਚ ਇੱਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਨਾਬਾਦ 14 ਦੌੜਾਂ ਬਣਾਈਆਂ।
ਕੇਕੇਆਰ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਲਈ ਕਪਤਾਨ ਫਾਫ ਡੂ ਪਲੇਸਿਸ ਅਤੇ ਅਨੁਜ ਰਾਵਤ ਓਪਨਿੰਗ ਕਰਨ ਆਏ। ਇਸ ਦੌਰਾਨ ਅਨੁਜ ਖਾਤਾ ਖੋਲ੍ਹੇ ਬਿਨ੍ਹਾਂ ਹੀ ਆਊਟ ਹੋ ਗਿਆ। ਜਦਕਿ ਡੂ ਪਲੇਸਿਸ 5 ਦੌੜਾਂ ਬਣਾ ਕੇ ਆਊਟ ਹੋ ਗਏ। ਸਾਬਕਾ ਕਪਤਾਨ ਵਿਰਾਟ ਕੋਹਲੀ 7 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਏ। ਡੇਵਿਡ ਵਿਲੀ ਨੇ 28 ਗੇਂਦਾਂ ਵਿੱਚ 18 ਦੌੜਾਂ ਦਾ ਯੋਗਦਾਨ ਪਾਇਆ। ਸ਼ਾਹਬਾਜ਼ ਅਹਿਮਦ ਨੇ 20 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਉਸ ਨੇ ਤਿੰਨ ਛੱਕੇ ਵੀ ਲਗਾਏ। ਰਦਰਫੋਰਡ ਨੇ 40 ਗੇਂਦਾਂ ‘ਤੇ 28 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ । ਕਾਰਤਿਕ ਅੰਤ ਵਿੱਚ 14 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਦੇ ਨਾਲ ਹੀ ਹਰਸ਼ਲ ਪਟੇਲ ਨੇ 6 ਗੇਂਦਾਂ ‘ਤੇ 10 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਲਾਏ।
ਉੱਥੇ ਹੀ ਦੂਜੇ ਪਾਸੇ ਕੇਕੇਆਰ ਲਈ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਦੌਰਾਨ ਉਸ ਨੇ 4 ਓਵਰਾਂ ਵਿੱਚ 16 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟਿਮ ਸਾਊਥੀ ਨੇ 4 ਓਵਰਾਂ ਵਿੱਚ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਸੁਨੀਲ ਨਰਾਇਣ ਨੇ 4 ਓਵਰਾਂ ਵਿੱਚ 12 ਦੌੜਾਂ ਦੇ ਕੇ ਇੱਕ ਵਿਕਟ ਤੇ ਵਰੁਣ ਚੱਕਰਵਰਤੀ ਨੇ 4 ਓਵਰਾਂ ਵਿੱਚ 33 ਦੌੜਾਂ ਦੇ ਕੇ ਇੱਕ ਵਿਕਟ ਲਈ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨੇ 18.5 ਓਵਰਾਂ ਵਿੱਚ ਆਲ ਆਊਟ ਹੋਣ ਤੱਕ 128 ਦੌੜਾਂ ਬਣਾਈਆਂ। ਟੀਮ ਲਈ ਆਂਦਰੇ ਰਸਲ ਨੇ ਸਭ ਤੋਂ ਵੱਧ 25 ਦੌੜਾਂ ਬਣਾਈਆਂ। ਉਸਨੇ 18 ਗੇਂਦਾਂ ਵਿੱਚ 3 ਛੱਕੇ ਅਤੇ 1 ਚੌਕਾ ਲਗਾਇਆ । ਅੰਤ ਵਿੱਚ ਬੱਲੇਬਾਜ਼ੀ ਕਰਨ ਆਏ ਉਮੇਸ਼ ਯਾਦਵ ਨੇ ਚੰਗੀ ਪਾਰੀ ਖੇਡੀ। ਉਸ ਨੇ 12 ਗੇਂਦਾਂ ਵਿੱਚ 2 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਬਣਾਈਆਂ । ਵਰੁਣ ਚੱਕਰਵਰਤੀ 10 ਦੌੜਾਂ ਬਣਾ ਕੇ ਨਾਬਾਦ ਰਹੇ । ਅਜਿੰਕਿਆ ਰਹਾਣੇ 9, ਸ਼੍ਰੇਅਸ ਅਈਅਰ 13 ਅਤੇ ਨਿਤੀਸ਼ ਰਾਣਾ 10 ਦੌੜਾਂ ਬਣਾ ਕੇ ਆਊਟ ਹੋਏ।
ਵੀਡੀਓ ਲਈ ਕਲਿੱਕ ਕਰੋ -: