ਕੋਰੋਨਾ ਨੂੰ ਮਾਤ ਦੇ ਕੇ ਟੀਮ ਇੰਡੀਆ ਮੈਦਾਨ ‘ਤੇ ਉਤਰਨ ਲਈ ਤਿਆਰ ਹੈ । ਵਿਰਾਟ ਬ੍ਰਿਗੇਡ ਕੋਰੋਨਾ ਨਾਲ ਅੱਧੀ ਲੜਾਈ ਦੇਸ਼ ਵਿੱਚ ਲੜੇਗੀ ਤੇ ਅੱਧੀ ਵਿਦੇਸ਼ ਵਿੱਚ । ਦਰਅਸਲ, ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵੈਕਸੀਨ ਦੀ ਅੱਧੀ ਡੋਜ਼ ਲਗਵਾ ਲਈ ਹੈ, ਪਰ ਦੂਸਰੀ ਡੋਜ਼ ਦੌਰਾਨ ਜ਼ਿਆਦਾਤਰ ਖਿਡਾਰੀ ਇੰਗਲੈਂਡ ਵਿੱਚ ਮੌਜੂਦ ਰਹਿਣਗੇ।
ਟੀਮ ਇੰਡੀਆ 18 ਤੋਂ 22 ਜੂਨ ਤੱਕ ਇੰਗਲੈਂਡ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਚੈਂਪੀਅਨਸ਼ਿਪ ਖੇਡੇਗੀ । ਇਸ ਦੇ ਨਾਲ ਹੀ ਇੰਗਲੈਂਡ ਖਿਲਾਫ 4 ਅਗਸਤ ਤੋਂ 14 ਸਤੰਬਰ ਤੱਕ ਪੰਜ ਟੈਸਟ ਮੈਚਾਂ ਦੀ ਸੀਰੀਜ਼ ਹੋਵੇਗੀ ।
ਇਹ ਵੀ ਪੜ੍ਹੋ: ਕੋਰੋਨਾ ਵਿਰੁੱਧ ਲੜਾਈ ‘ਚ ਹੁਣ ISRO ਵੀ ਆਇਆ ਅੱਗੇ, ਬਣਾਏ ਸਵਦੇਸ਼ੀ ਆਕਸੀਜਨ ਕੰਸਨਟ੍ਰੇਟਰ
ਟੀਮ ਇੰਡੀਆ ਦੇ ਇੰਗਲੈਂਡ ਦੌਰੇ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਖਿਡਾਰੀਆਂ ਨੇ ਕੋਵੀਸ਼ੀਲਡ ਵੈਕਸੀਨ ਲਗਵਾਈ ਹੈ। ਜਿਸ ਤੋਂ ਬਾਅਦ ਹੁਣ ਟੀਮ ਇੰਡੀਆ ਦੇ ਕ੍ਰਿਕਟਰ ਵੈਕਸੀਨ ਦੀ ਦੂਜੀ ਡੋਜ਼ ਇੰਗਲੈਂਡ ਵਿੱਚ ਲੈਣਗੇ । 2 ਜੂਨ ਨੂੰ ਕੋਹਲੀ ਬ੍ਰਿਗੇਡ ਇੰਗਲੈਂਡ ਪਹੁੰਚੇਗੀ । ਟੀਕਾਕਰਨ ਤੋਂ ਬਾਅਦ ਵੀ ਇੰਗਲੈਂਡ ਪਹੁੰਚਣ ‘ਤੇ ਟੀਮ ਸੱਤ ਦਿਨਾਂ ਲਈ ਕੁਆਰੰਟੀਨ ਵਿੱਚ ਰਹੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਜੂਨ ਵਿੱਚ ਖੇਡੀ ਜਾਣ ਵਾਲੀ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ।
ਇਸ ਸੀਰੀਜ਼ ਲਈ ਹਾਰਦਿਕ ਪਾਂਡਿਆ ਅਤੇ ਪ੍ਰਿਥਵੀ ਸ਼ਾ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਚੋਣਕਰਤਾਵਾਂ ਨੇ ਚਾਰ ਓਪਨਰ- ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਕੇ.ਐਲ ਰਾਹੁਲ ਅਤੇ ਮਯੰਕ ਅਗਰਵਾਲ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ।
ਦੱਸ ਦੇਈਏ ਕਿ ਇੰਗਲੈਂਡ ਦੌਰੇ ਲਈ ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਐਂਗਰੀਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ.ਕੇ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ, ਉਮੇਸ਼ ਯਾਦਵ ਨੂੰ ਚੁਣਿਆ ਗਿਆ ਹੈ ।