Kohli static at 2nd spot: ਭਾਰਤੀ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਦੀ ਨਵੀਂ ਟੈਸਟ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ਤੇ ਬਰਕਰਾਰ ਹੈ, ਜਿਸ ਵਿੱਚ ਟਾਪ-10 ਵਿੱਚ 2 ਹੋਰ ਭਾਰਤੀ ਬੱਲੇਬਾਜ਼ ਵੀ ਸ਼ਾਮਿਲ ਹਨ। ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 9ਵੇਂ ਸਥਾਨ ‘ਤੇ ਖਿਸਕ ਗਏ ਹਨ । ਇਸ ਰੈਂਕਿੰਗ ਵਿੱਚ ਕੋਹਲੀ 886 ਅੰਕਾਂ ਨਾਲ ਦੂਜੇ ਸਥਾਨ ‘ਤੇ ਜਦਕਿ ਚੇਤੇਸ਼ਵਰ ਪੁਜਾਰਾ (766) ਤੇ ਅਜਿੰਕਯ ਰਹਾਨੇ (726) ਵੀ ਬੱਲੇਬਾਜ਼ੀ ਸੂਚੀ ਵਿੱਚ ਕ੍ਰਮਵਾਰ 8ਵੇਂ ਤੇ 10ਵੇਂ ਸਥਾਨ ‘ਤੇ ਬਰਕਰਾਰ ਹਨ। ਇਸ ਰੈਂਕਿੰਗ ਵਿੱਚ ਆਸਟ੍ਰੇਲੀਆ ਦੇ ਸਟੀਵ ਸਮਿਥ ਚੋਟੀ ਦੇ ਬੱਲੇਬਾਜ਼ ਹਨ।
ਦਰਅਸਲ, ਬੁਮਰਾਹ ਨੂੰ ਗੇਂਦਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਉਹ 9ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਬਰਕਰਾਰ ਹਨ। ਇਸ ਤੋਂ ਇਲਾਵਾ ਸਾਊਥੰਪਟਨ ਵਿੱਚ ਡਰਾਅ ਟੈਸਟ ਤੋਂ ਬਾਅਦ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਨੇ ਕਰੀਅਰ ਦੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ ‘ਤੇ ਵਾਪਸੀ ਕੀਤੀ ਹੈ ਤੇ ਦੂਜੇ ਪਾਸੇ ਇੰਗਲੈਂਡ ਦੀ ਸਟੂਅਰਟ ਬ੍ਰਾਡ ਤੇ ਜੇਮਸ ਐਂਡਰਸਨ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ੀ ਜੋੜੀ ਨੂੰ ਵੀ ਫਾਇਦਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ਕਰੀਅਰ ਦੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ ਹਾਸਿਲ ਕਰਨ ਵਾਲੇ ਬਾਬਰ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਵਿੱਚ 47 ਦੌੜਾਂ ਦੀ ਬਦੌਲਤ ਇੱਕ ਵਾਰ ਫਿਰ ਇਹ ਰੈਂਕਿੰਗ ਹਾਸਿਲ ਕੀਤੀ । ਸਾਊਥੰਪਟਨ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਪਾਕਿਸਤਾਨ ਦੇ ਆਬਿਦ ਅਲੀ (49) ਤੇ ਮੁਹੰਮਦ ਰਿਜ਼ਵਾਨ (75) ਨੇ ਵੀ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਿਲ ਕੀਤੀ।
ਦੱਸ ਦੇਈਏ ਕਿ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿੱਚ ਭਾਰਤ 360 ਅੰਕਾਂ ਨਾਲ ਚੋਟੀ ‘ਤੇ ਹੈ ਜਦਕਿ ਉਸ ਤੋਂ ਬਾਅਦ ਆਸਟ੍ਰੇਲੀਆ (296) ਦਾ ਨੰਬਰ ਆਉਂਦਾ ਹੈ। ਇਸ ਤੋਂ ਬਾਅਦ ਇੰਗਲੈਂਡ 279 ਅੰਕਾਂ ਨਾਲ ਤੀਜੇ ਜਦਕਿ ਪਾਕਿਸਤਾਨ 153 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ।