ਦਿੱਲੀ ਦੇ ਕੇਡੀ ਜਾਧਵ ਇਨਡੋਰ ਸਟੇਡੀਅਮ ਵਿੱਚ ਬੈਡਮਿੰਟਨ ਇੰਡੀਆ ਓਪਨ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ।ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਵੀਰਵਾਰ ਨੂੰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਨਾਗਪੁਰ ਦੀ 20 ਸਾਲਾਂ ਮਾਲਵਿਕਾ ਬੰਸੌਦ ਨੇ ਅਨੁਭਵੀ ਖਿਡਾਰਨ ਅਤੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਹਰਾ ਦਿੱਤਾ ਹੈ।
ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਇਸ ਉਲਟਫੇਰ ਦਾ ਸ਼ਿਕਾਰ ਹੋਈ ਹੈ। ਉਸ ਨੂੰ 20 ਸਾਲਾਂ ਮਾਲਵਿਕਾ ਬੰਸੌਦ ਨੇ ਹਰਾਇਆ ਹੈ। ਵੱਡੀ ਗੱਲ ਇਹ ਹੈ ਕਿ ਮਾਲਵਿਕਾ ਨੇ ਸਾਇਨਾ ਨੂੰ ਸਿੱਧੇ ਗੇਮਾਂ ‘ਚ ਹਰਾਇਆ। ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਵਿੱਚ ਮਾਲਵਿਕਾ ਨੇ ਸਾਇਨਾ ਨੂੰ ਲਗਾਤਾਰ ਗੇਮਾਂ ਵਿੱਚ 21-17, 21-9 ਨਾਲ ਹਰਾਇਆ ਹੈ। ਇਹ ਮੈਚ 34 ਮਿੰਟ ਤੱਕ ਚੱਲਿਆ। ਸਾਇਨਾ ਇਸ ਸਮੇਂ ਵਿਸ਼ਵ ਰੈਂਕਿੰਗ ‘ਚ 25ਵੇਂ ਨੰਬਰ ‘ਤੇ ਹੈ। ਜਦਕਿ ਮਾਲਵਿਕਾ ਦਾ ਰੈਂਕ 111ਵਾਂ ਹੈ।
ਪਹਿਲੀ ਗੇਮ ਦੀ ਸ਼ੁਰੂਆਤ ‘ਚ ਸਾਇਨਾ ਅਤੇ ਮਾਲਵਿਕਾ ਵਿਚਾਲੇ ਬਰਾਬਰੀ ਦਾ ਮੈਚ ਦੇਖਣ ਨੂੰ ਮਿਲਿਆ। ਇੱਕ ਸਮੇਂ ਦੋਵੇਂ ਖਿਡਾਰਣਾਂ 4-4 ਨਾਲ ਬਰਾਬਰੀ ‘ਤੇ ਸਨ। ਮਾਲਵਿਕਾ ਨੇ ਫਿਰ ਲੀਡ ਬਣਾਈ ਅਤੇ ਅੰਤ ਤੱਕ ਇਸ ਨੂੰ ਸੰਭਾਲਿਆ। ਦੂਜੀ ਗੇਮ ਵਿੱਚ ਵੀ ਦੋਵੇਂ 2-2 ਦੀ ਬਰਾਬਰੀ ’ਤੇ ਸਨ। ਇੱਥੋਂ ਮਾਲਵਿਕਾ ਨੇ ਲੀਡ ਹਾਸਿਲ ਕੀਤੀ ਅਤੇ ਮੈਚ ਜਿੱਤਣ ਤੱਕ ਇਸ ਨੂੰ ਬਰਕਰਾਰ ਰੱਖਿਆ।
ਇਹ ਵੀ ਪੜ੍ਹੋ : ‘BJP ਨੇ ਕੀਤੀ ਬੇਇਨਸਾਫ਼ੀ, ਹੁਣ ਉਹ ਇਨਸਾਫ਼ ਦਾ ਚਿਹਰਾ ਬਣੇਗੀ’ : ਰਾਹੁਲ ਗਾਂਧੀ
ਮਾਲਵਿਕਾ ਨਾਗਪੁਰ ਦੀ ਰਹਿਣ ਵਾਲੀ ਹੈ। ਮਾਲਵਿਕਾ ਮਹਾਰਾਸ਼ਟਰ ਦੀ ਇੱਕ ਉੱਭਰਦੀ ਬੈਡਮਿੰਟਨ ਸਟਾਰ ਹੈ। ਉਸ ਨੇ ਅੰਡਰ-13 ਅਤੇ ਅੰਡਰ-17 ਪੱਧਰ ‘ਤੇ ਸਟੇਟ ਚੈਂਪੀਅਨਸ਼ਿਪ ਜਿੱਤੀ ਹੈ। 2018 ਵਿੱਚ, ਉਸ ਨੂੰ ਵਿਸ਼ਵ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। 2018 ਵਿੱਚ ਉਸ ਨੇ ਕਾਠਮੰਡੂ ਵਿੱਚ ਦੱਖਣੀ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ। 2019 ਵਿੱਚ ਉਸ ਨੇ ਆਲ ਇੰਡੀਆ ਸੀਨੀਅਰ ਰੈਂਕਿੰਗ ਟੂਰਨਾਮੈਂਟ ਜਿੱਤਿਆ ਸੀ। 2019 ਵਿੱਚ ਹੀ ਮਾਲਵਿਕਾ ਨੇ ਮਾਲਦੀਵ ਇੰਟਰਨੈਸ਼ਨਲ ਫਿਊਚਰ ਸੀਰੀਜ਼ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: